ਇਕ ਧਿਰ ਦੀ ਹੀ ਸੁਣਵਾਈ ਕਰਨ ’ਤੇ ਕਿਸਾਨਾਂ ਨੇ ਥਾਣਾ ਘੇਰਿਆ
ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਮੱਬੋ ਕੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਕਾਰਨ ਪੁਲੀਸ ਵੱਲੋਂ ਇੱਕ ਧਿਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਨੂੰ ਲੈ ਕੇ ਅੱਜ ਥਾਣਾ ਮਮਦੋਟ ਦੇ ਅੰਦਰ ਕਿਸਾਨ ਯੂਨੀਅਨ ਸਿੱਧੂਪੁਰ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਸਟੂਡੈਂਟ ਯੂਨੀਅਨ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੁਲੀਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਅਵਤਾਰ ਸਿੰਘ ਮਹਿਮਾ, ਜਗਰੂਪ ਸਿੰਘ ਭੁੱਲਰ ਪ੍ਰਧਾਨ ਸਟੂਡੈਂਟ ਯੂਨੀਅਨ ਅਤੇ ਪਰਮਜੀਤ ਸਿੰਘ ਭੁੱਲਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਪਿੰਡ ਮੱਬੋ ਕੇ ਦਾ ਵਸਨੀਕ ਪਹਿਲੀ ਅਕਤੂਬਰ ਨੂੰ ਆਰ ਟੀ ਆਈ ਲੈਣ ਸਬੰਧੀ ਬੀ ਡੀ ਪੀ ਓ ਦਫਤਰ ਮਮਦੋਟ ਗਿਆ ਸੀ ਉੱਥੇ ਹਾਜ਼ਰ ਸਰਪੰਚ ਦੇ ਸਮਰਥਕਾਂ ਵੱਲੋਂ ਕੁੱਟਮਾਰ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਵੱਲੋਂ ਸਰਪੰਚ ਧਿਰ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਖਿਲਾਫ ਗਲਤ ਕਾਰਵਾਈ ਕਰਵਾਈ ਗਈ ਹੈ। ਇਸ ਮਾਮਲੇ ਸਬੰਧੀ ਮੌਜੂਦਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀ ਅਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਅਤੇ ਹਰੇਕ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦਿੱਤਾ ਜਾਵੇਗਾ।
ਇਸ ਮਾਮਲੇ ਸਬੰਧੀ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ ਰੋਸ ਧਰਨੇ ਦੇ ਚਲਦਿਆਂ ਕਿਸਾਨ ਆਗੂਆਂ ਨੇ ਸਖ਼ਤੀ ਭਰੇ ਲਹਿਜ਼ੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾ ਜ਼ਿਲ੍ਹਾ ਪੁਲੀਸ ਦੇ ਦਫਤਰ ਵਿਖ਼ੇ ਵੱਡਾ ਇਕੱਠ ਕਰਕੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ, ਰੇਸ਼ਮ ਸਿੰਘ ਹਜ਼ਾਰਾ, ਗੁਰਪ੍ਰੀਤ ਸਿੰਘ ਭੁੱਲਰ, ਗੁਰਸਿਮਰਨ ਸਿੰਘ ਮਹਿਮਾਂ, ਕਵੀ ਔਲਖ, ਹਰਪ੍ਰੀਤ ਸਿੰਘ ਮਮਦੋਟ, ਗੁਰਕੰਵਰ ਸਿੰਘ, ਅਰਪਨਜੋਤ ਸਿੰਘ, ਅਮਨ ਕੰਬੋਜ, ਲਖਵਿੰਦਰ ਸਿੰਘ, ਗੁਰਪ੍ਰੀਤ ਢੋਟ, ਤਰਸੇਮ ਸਿੰਘ,, ਗੁਰਮੀਤ ਸਿੰਘ, ਹਰਮਨਪ੍ਰੀਤ ਸਿੱਧੂ ਸਮੇਤ ਹੋਰ ਵੀ ਕਿਸਾਨ ਹਾਜ਼ਿਰ ਸਨ।