ਕਿਸਾਨਾਂ ਵੱਲੋਂ ਮੰਗਾਂ ਮਨਵਾਉਣ ਲਈ ਮਿਨੀ ਸਕੱਤਰੇਤ ਦਾ ਘਿਰਾਓ
ਭਾਰਤੀ ਕਿਸਾਨ ਏਕਤਾ (ਬੀ ਕੇ ਈ) ਦੇ ਬੈਨਰ ਹੇਠ ਕਿਸਾਨਾਂ ਨੇ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਤੇ ਹੋਰ ਕਿਸਾਨੀ ਮੰਗਾਂ ਮਨਵਾਉਣ ਲਈ ਮਿਨੀ ਸਕੱਤਰੇਤ ਦਾ ਘਿਰਾਓ ਕੀਤਾ। ਭਾਰਤੀ ਕਿਸਾਨ ਏਕਤਾ ਨਾਲ ਜੁੜੇ ਕਿਸਾਨ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਇਕੱਠੇ ਹੋਏ ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਈ ਮਿਨੀ ਸਕੱਤਰੇਤ ਪੁੱਜੇ। ਮਿਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਪ੍ਰਦਰਸ਼ਨਕਾਰੀਆਂ ਨੇ ਕਾਫੀ ਸਮਾਂ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਮਿਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਈ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਮੀਂਹ ਨਾਲ ਕਿਸਾਨਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਪਰ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਇਸੇ ਤਰ੍ਹਾਂ 2023 ’ਚ ਕਿਸਾਨਾਂ ਵੱਲੋਂ ਸਾਉਣੀ ਦੀ ਫ਼ਸਲ ਦਾ ਬੀਮਾ ਕਰਵਾਇਆ ਸੀ ਪਰ ਫ਼ਸਲ ਖਰਾਬ ਹੋਣ ਮਗਰੋਂ ਕਿਸਾਨਾਂ ਨੂੰ ਬੀਮਾ ਕਲੇਮ ਦੇਣ ਦੀ ਬਜਾਏ ਉਨ੍ਹਾਂ ਨੂੰ ਪ੍ਰੀਮੀਅਮ ਹੀ ਵਾਪਿਸ ਕਰ ਦਿੱਤਾ ਗਿਆ, ਇਸੇ ਤਰ੍ਹਾਂ ਸਾਲ 2024 ਦੀ ਸਾਉਣੀ ਨੁਕਸਾਨੀ ਗਈ 25 ਪਿੰਡਾਂ ਦੀ ਫ਼ਸਲ ਦੇ ਦਾਅਵਿਆਂ ਨੂੰ ਕੰਪਨੀ ਵੱਲੋਂ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਨੁਕਸਾਨੀ ਗਈ ਨਰਮੇ ਦੀ ਫ਼ਸਲ ਲਈ ਸਰਕਾਰ ਨੇ ਮੁਆਵਜ਼ਾ ਤਹਿਸੀਲਾਂ ’ਚ ਤਾਂ ਭੇਜਿਆ ਪਰ ਇਹ ਕਿਸਾਨਾਂ ਨੂੰ ਨਹੀਂ ਵੰਡਿਆ ਗਿਆ ਤੇ 31 ਮਾਰਚ ਦਾ ਸਮਾਂ ਪੂਰਾ ਹੋਣ ਮਗਰੋਂ ਵਾਪਿਸ ਭੇਜ ਦਿੱਤਾ ਗਿਆ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਹੋਰ ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਐਤਕੀਂ ਸਾਉਣੀ ਦੇ ਸੀਜਨ ਦੌਰਾਨ ਜਿਥੇ ਮੀਂਹ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਹੀ ਹਿਸਾਰ ਘੱਗਰ ਡਰੇਨ ਅਤੇ ਘੱਗਰ ਨਦੀ ਦੇ ਹੱੜਾਂ ਨਾਲ ਵੀ ਫ਼ਸਲਾਂ ਦੇ ਨਾਲ ਨਾਲ ਕਿਸਾਨਾਂ ਦੇ ਟਿਊਬਵੈੱਲ, ਬੋਰ, ਸੋਲਰ ਪੈਨਲ ਅਤੇ ਖੇਤਾਂ ’ਚ ਬਣੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਅਵਜ਼ਾ ਨਾ ਮਿਲਣ ਕਾਰਨ ਕਈ ਕਿਸਾਨ ਹਾੜੀ ਦੀ ਫ਼ਸਲ ਵੀ ਨਹੀਂ ਬੀਜ ਸਕੇ। ਉਨ੍ਹਾਂ ਨੇ ਕਿਹਾ ਕਿ ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀ ਏ ਪੀ ਤੇ ਯੂਰੀਆ ਖਾਦ ਦੀ ਕਮੀ ਕਾਰਨ ਕਿਸਾਨਾਂ ਦੀ ਹਾੜੀ ਦੀ ਬੀਜਾਈ ਪਛੜ ਰਹੀ ਹੈ।
