ਕਿਸਾਨਾਂ ਨੇ ਡੀ ਐੱਸ ਪੀ ਦਫ਼ਤਰ ਘੇਰਿਆ
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਨੇ ਅੱਜ ਇੱਥੇ ਡੀ ਐੱਸ ਪੀ ਦਫ਼ਤਰ ਦਾ ਘਿਰਾਓ ਕੀਤਾ। ਕਿਸਾਨ ਜਥੇਬੰਦੀ ਦੀ ਮੰਗ ਸੀ ਕਿ ਪਰਾਲੀ ਸਾੜਨ ਸਮੇਤ ਲੰਘੇ ਦਿਨੀਂ ਰੇਤ ਚੁੱਕਣ ਨੂੰ ਲੈ ਕੇ ਪਿੰਡ ਮੰਝਲੀ ਦੇ ਕਿਸਾਨ ਗੁਰਦਿਆਲ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। ਜਾਣਕਾਰੀ ਅਨੁਸਾਰ ਅੱਜ ਜਥੇਬੰਦੀ ਦੇ ਆਗੂਆਂ ਨੇ ਇਕੱਠੇ ਹੋ ਕੇ ਦਾਣਾ ਮੰਡੀ ਤੋਂ ਕਾਫਲੇ ਦੇ ਰੂਪ ਵਿੱਚ ਰੋਸ ਪ੍ਰਦਰਸ਼ਨ ਆਰੰਭਿਆ ਅਤੇ ਡੀ ਐੱਸ ਪੀ ਦਫ਼ਤਰ ਪੁੱਜ ਕੇ ਮੁੱਖ ਗੇਟ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਕਿਸਾਨ ਜਥੇਬੰਦੀ ਦੇ ਪੰਜ ਆਗੂਆਂ ਨੂੰ ਆਪਣੇ ਦਫਤਰ ਬੁਲਾ ਕੇ ਉਨ੍ਹਾਂ ਨੂੰ ਭਰੋਸੇ ਵਿੱਚ ਲੈ ਕੇ ਧਰਨਾ ਖ਼ਤਮ ਕਰਵਾਇਆ। ਜਥੇਬੰਦੀ ਦੇ ਸੂਬਾਈ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਪੁਲੀਸ ਸਿਆਸੀ ਸਰਪ੍ਰਸਤੀ ਹੇਠ ਅਤੇ ਰੇਤ ਮਾਫੀਏ ਨਾਲ ਮਿਲ ਕੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋ ਤਾਂ ਰੇਤ ਕੱਢਣ ਤੋਂ ਰੋਕ ਰਹੀ ਹੈ ਲੇਕਿਨ ਦੂਜੇ ਪਾਸੇ ਹਰੇਕ ਤਰ੍ਹਾਂ ਦੇ ਮਾਫ਼ੀਏ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਕਿਸਾਨ ਜਥੇਬੰਦੀ ਦੇ ਪੰਜ ਆਗੂਆਂ ਨੂੰ ਗੱਲਬਾਤ ਲਈ ਆਪਣੇ ਦਫਤਰ ਬੁਲਾਇਆ ਅਤੇ ਉਨ੍ਹਾਂ ਨਾਲ ਸਦਭਾਵਨਾ ਪੂਰਵਕ ਗੱਲਬਾਤ ਕੀਤੀ। ਪੁਲੀਸ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ 14 ਦਸੰਬਰ ਤੋਂ ਬਾਅਦ ਖਣਨ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਦਰਜ ਰੇਤ ਨਿਕਾਸੀ ਦੇ ਮਾਮਲੇ ਰੱਦ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਪਰਾਲੀ ਸਾੜਨ ਦੇ ਦਰਜ ਮਾਮਲੇ ਵੀ ਜਾਂਚ ਕਰਕੇ ਰੱਦ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕਿਸਾਨ ਜਥੇਬੰਦੀ ਧਰਨਾ ਸਮਾਪਤ ਕਰਨ ਲਈ ਰਾਜ਼ੀ ਹੋ ਗਈ।
