ਖਾਰਾ ਵਿੱਚ ਕਿਸਾਨਾਂ ਦੀ ਸਰਕਾਰ ਖ਼ਿਲਾਫ਼ ਰੈਲੀ
ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਿੰਡ ਖਾਰਾ ਵਿੱਚ ਪਰਾਲੀ ਦੇ ਭਖਵੇਂ ਮਸਲੇ ਨੂੰ ਲੈ ਕੇ ਰੈਲੀ ਕੀਤੀ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਦੇਸ਼ ਵਿੱਚ ਅੰਨਦਾਤਾ ਦੀ ਹਾਲਤ ਦਿਨੋ-ਦਿਨ ਪਤਲੀ ਹੁੰਦੀ ਜਾ ਰਹੀ ਹੈ, ਜਿਥੇ ਪਰਾਲੀ ਦੇ ਪ੍ਰਬੰਧ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਸੰਦ ਮੁਹੱਈਆ ਕਰਵਾ ਕੇ ਬਾਂਹ ਫੜਨੀ ਚਾਹੀਦੀ ਸੀ, ਪਰ ਉਲਟਾ ਕਿਸਾਨਾਂ ਨੂੰ ਹੀ ਇਸ ਦਾ ਮੁਲਜ਼ਮ ਬਣਾ ਕੇ ਜੁਰਮਾਨੇ ਅਤੇ ਗ੍ਰਿਫ਼ਤਾਰੀਆਂ ਦੀ ਘੁਰਕੀ ਦਿਖਾਈ ਜਾ ਰਹੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਜਿੱਥੇ ਕਿਸਾਨਾਂ ਦੀ ਝੋਨੇ ਦੀ ਫ਼ਸਲ, ਬੇਮੌਸਮੀ ਬਰਸਾਤ ਅਤੇ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਕਾਰਨ ਤਕਰੀਬਨ ਸੂਬੇ ਵਿੱਚ 50 ਲੱਖ ਮੀਟ੍ਰਿਕ ਟਨ ਦੀ ਕਟੌਤੀ ਹੋਈ ਹੈ, ਉੱਥੇ ਹੀ ਸਰਕਾਰ ਵੱਲੋਂ ਜੁਰਮਾਨੇ ਅਤੇ ਗ੍ਰਿਫ਼ਤਾਰੀਆਂ ਦੇ ਹੁਕਮਾਂ ਕਾਰਨ ਦੋਹਰੀ ਮਾਰ ਝੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦੋ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਜਥੇਬੰਦੀ ਦੇ ਵਫ਼ਦ ਵੱਲੋਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਜਾਣੂ ਕਰਵਾਇਆ ਗਿਆ ਸੀ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਕਰ ਕੇ ਇਕੱਲੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਦਲਵੀਆਂ ਫ਼ਸਲਾਂ ਉੱਤੇ ਉਚਿਤ ਭਾਅ ਨਾ ਦੇਣਾ ਅਤੇ ਬੀਜੀਆਂ ਫਸਲਾਂ ਨੂੰ ਨਮੀ ਅਤੇ ਧੂੰਏਂ ਦੇ ਬਹਾਨੇ ਬਣਾ ਕੇ ਕਿਸਾਨਾਂ ਨੂੰ ਜ਼ਲੀਲ ਕਰਨਾ ਸਰਕਾਰ ਦੇ ਦੋਗਲੇ ਚਿਹਰੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸਰਕਾਰ ਦੇ ਇਸ ਮਨਸੂਬੇ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਸਰਕਾਰ ਦੇ ਹਰ ਹੱਲੇ ਦਾ ਡੱਟਵਾਂ ਵਿਰੋਧ ਕਰੇਗੀ।
