ਪ੍ਰਸ਼ਾਸਨ ਦੇ ਭਰੋਸੇ ਮਗਰੋਂ ਕਿਸਾਨਾਂ ਦਾ ਧਰਨਾ ਖ਼ਤਮ
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵਲੋਂ ਬਲਾਕ ਪੰਚਾਇਤ ਦਫ਼ਤਰ ਕੋਟ ਈਸੇ ਖਾਂ ਵਿਖੇ ਸੋਮਵਾਰ ਨੂੰ ਸ਼ੁਰੂ ਕੀਤਾ ਧਰਨਾ ਦੇਰ ਸ਼ਾਮ ਪ੍ਰਸ਼ਾਸਨ ਦੇ ਵਿਸ਼ਵਾਸ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਬਲਾਕ ਦੇ ਪਿੰਡ ਦਯਾ ਕਲਾਂ ਦਾ ਸਰਪੰਚ ਸਿਆਸੀ ਰੰਜ਼ਿਸ਼ ਦੇ ਚੱਲਦਿਆਂ ਕਿਸਾਨ ਦਰਸ਼ਨ ਸਿੰਘ ਦੇ ਘਰ ਅੱਗੋਂ ਲੰਘਦੀ ਨਿਕਾਸੀ ਨਾਲੀ ਨੂੰ ਬਣਾਉਣ ਤੋਂ ਇਨਕਾਰੀ ਸੀ।
ਇਸ ਸਬੰਧੀ ਕਿਸਾਨ ਜਥੇਬੰਦੀ ਵਲੋਂ ਮਾਮਲਾ ਪੰਚਾਇਤੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਮਸਲਾ ਹੱਲ ਨਾ ਹੁੰਦਾ ਦੇਖ ਜਥੇਬੰਦੀ ਵਲੋਂ ਕਿਸਾਨ ਦੇ ਹੱਕ ਵਿੱਚ ਕੱਲ੍ਹ ਧਰਨਾ ਲਗਾ ਦਿੱਤਾ ਸੀ ਅਤੇ ਧਰਨੇ ਨੂੰ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦਾ ਐਲਾਨ ਕੀਤਾ ਸੀ।
ਹਾਲਾਂਕਿ ਦੇਰ ਸ਼ਾਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਖ਼ਲ ਤੋਂ ਬਾਅਦ ਬਲਾਕ ਪੰਚਾਇਤ ਅਧਿਕਾਰੀ ਕ੍ਰਿਸ਼ਨ ਸਿੰਘ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਪਰ ਆਪਸੀ ਤਕਰਾਰਬਾਜ਼ੀ ਦੇ ਚੱਲਦਿਆਂ ਗੱਲਬਾਤ ਸਿਰੇ ਨਾ ਲੱਗੀ।
ਬਾਅਦ ਵਿਚ ਬਲਾਕ ਪੰਚਾਇਤ ਅਧਿਕਾਰੀਆਂ ਅਤੇ ਡੀਐੱਸਪੀ ਰਮਨਦੀਪ ਸਿੰਘ ਚੱਲ ਰਹੇ ਧਰਨੇ ਵਿੱਚ ਪੁੱਜੇ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਵਿਸ਼ਵਾਸ ਦਿਵਾਇਆ ਕਿ ਮੌਸਮ ਠੀਕ ਹੁੰਦਿਆਂ ਹੀ ਕਿਸਾਨ ਦੇ ਘਰ ਅੱਗੋਂ ਉਕਤ ਨਿਕਾਸੀ ਨਾਲੀ ਬਣਾ ਦਿੱਤੀ ਜਾਵੇਗੀ। ਕਿਸਾਨ ਆਗੂਆਂ ਗੁਰਦੇਵ ਸਿੰਘ ਅਤੇ ਗੁਰਮੇਲ ਸਿੰਘ ਲੋਹਗੜ੍ਹ ਨੇ ਦੱਸਿਆ ਕਿ ਅਧਿਕਾਰੀਆਂ ਦੇ ਵਿਸ਼ਵਾਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਪੰਚ ਬਲਵਿੰਦਰ ਸਿੰਘ ਦੇ ਅੜੀਅਲ ਵਤੀਰੇ ਸਦਕਾ ਜਥੇਬੰਦੀ ਨੂੰ ਇਨਸਾਫ ਲਈ ਇਹ ਧਰਨਾ ਲਗਾਉਣਾ ਪਿਆ ਸੀ।