ਝੋਨੇ ਦੀ ਖ਼ਰੀਦ ਬੰਦ ਕਰਨ ਖ਼ਿਲਾਫ਼ ਕਿਸਾਨਾਂ ਵੱਲੋਂ ਧਰਨਾ
ਧਰਨੇ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ ਅਤੇ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹਾਲੇ ਤੱਕ ਕਰੀਬ ਸੌ ਏਕੜ ਝੋਨਾ ਖੇਤਾਂ ਵਿੱਚ ਖੜ੍ਹਾ ਹੈ, ਪਰ ਸਰਕਾਰੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ, ਤਾਂ ਜੋ ਫ਼ਸਲ ਨੂੰ ਵਪਾਰੀ ਅਤੇ ਰਾਈਸ ਮਿੱਲਰ ਲੁੱਟ ਸਕਣ। ਉਨ੍ਹਾਂ ਮੰਡੀਆਂ ’ਚੋਂ ਝੋਨੇ ਦੀ ਚੁਕਾਈ ਨਿਰਵਿਘਨ ਨਾ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲਿਫਟਿੰਗ ਲਈ ਲੱਗੇ ਜੋ ਮਜ਼ਦੂਰ ਮੰਡੀਆਂ ਵਿੱਚ ਕੰਮ ਕਰਨ ਆਉਂਦੇ ਹਨ, ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਖ਼ਰੀਦ ਅਫ਼ਸਰ ਨੇ ਧਰਨਾਕਾਰੀ ਕਿਸਾਨਾਂ ਦੇ ਵਫ਼ਦ ਨਾਲ ਗੱਲਬਾਤ ਕਰਕੇ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਦੀ ਸਮੱਸਿਆ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਦਾਣਾ ਮੰਡੀਆਂ ’ਚ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਖ਼ਰੀਦੀ ਫ਼ਸਲ ਦੀ ਲਿਫ਼ਟਿੰਗ ਲਈ ਟਰੱਕ ਪਹੁੰਚਣ ਦੀ ਰਿਪੋਰਟ ਮਿਲਣ ’ਤੇ ਇਸ ਚਿਤਾਵਨੀ ਨਾਲ ਧਰਨਾ ਸਮਾਪਤੀ ਦਾ ਐਲਾਨ ਕਰ ਦਿੱਤਾ ਕਿ ਜੇ ਭਵਿੱਖ ’ਚ ਅਜਿਹੀ ਕੋਈ ਮੁਸ਼ਕਿਲ ਆਈ ਤਾਂ ਮੁੜ ਤੋਂ ਸੰਘਰਸ਼ ਕੀਤਾ ਜਾਵੇਗਾ। ਧਰਨੇ ’ਚ ਮਾਲਣ ਕੌਰ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਗੁਰਪਾਲ ਸਿੰਘ ਦਿਓਣ, ਨਿਰਮਲ ਸਿੰਘ ਭੂੰਦੜ, ਗੁਰਦੀਪ ਸਿੰਘ ਮਾਈਸਰਖਾਨਾ, ਗੁਰਮੇਲ ਸਿੰਘ ਢੱਡੇ, ਬੂਟਾ ਸਿੰਘ ਬੱਲ੍ਹੋ ਆਦਿ ਸ਼ਾਮਲ ਸਨ।
