ਕਿਸਾਨ ਜਥੇਬੰਦੀ ਨੇ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਦਿੱਤਾ
ਧਰਨੇ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਤਹਿਸੀਲਦਾਰ ਵੱਲੋਂ ਤਹਿਸੀਲ ਅੰਦਰ ਦਲਾਲਾਂ ਰਾਹੀਂ ਹਜ਼ਾਰਾਂ ਰੁਪਏ ਰਿਸ਼ਵਤ ਲੈ ਕੇ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਲੋਕਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਜਿਸ ਦਾ ਜਥੇਬੰਦੀ ਕਾਦੀਆਂ ਵੱਲੋਂ ਸਖਤ ਨੋਟਿਸ ਲਿਆ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਹਿਸੀਲ ਅੰਦਰ ਕੰਮ ਕਰਵਾਉਣ ਆਉਂਦੇ ਲੋਕਾਂ ਨਾਲ ਸਹੀ ਵਤੀਰਾ ਨਾ ਅਪਣਾਇਆ ਗਿਆ ਤਾਂ ਜੱਥੇਬੰਦੀ ਵੱਲੋਂ ਵੱਡੀ ਪੱਧਰ ’ਤੇ ਤਹਿਸੀਲ ਕੰਪਲੈਕਸ ਅੰਦਰ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਦੌਰਾਨ ਹਾਜ਼ਰ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਮਾਲ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਤਹਿਸੀਲਦਾਰ ਜ਼ੀਰਾ ਸਤਿੰਦਰਪਾਲ ਸਿੰਘ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਕਤ ਅਫਸਰ ਦੀ ਵਿਜੀਲੈਂਸ ਜਾਂਚ ਕਰਵਾ ਕੇ ਜਾਇਦਾਦ ਬਾਰੇ ਵੇਰਵਾ ਲਿਆ ਜਾਵੇ।
ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫਿਰੋਜ਼ਪੁਰ ਦੀ ਸਮੂਹ ਲੀਡਰਸ਼ਿਪ ਤੋਂ ਇਲਾਵਾ ਬਲਾਕ ਮੱਖੂ, ਮੱਲਾਂਵਾਲਾ, ਬਲਾਕ ਤਲਵੰਡੀ ਭਾਈ, ਬਲਾਕ ਘੱਲ ਖੁਰਦ, ਪੈਸਟੀਸਾਈਡਜ਼ ਯੂਨੀਅਨ ਜ਼ੀਰਾ, ਪ੍ਰਕਿਰਤੀ ਕਲੱਬ ਜ਼ੀਰਾ, ਹੈਲਪਿੰਗ ਹੈਂਡਜ਼ ਸੁਸਾਇਟੀ, ਸੁਨਿਆਰ ਯੂਨੀਅਨ, ਆੜ੍ਹਤੀਆ ਐਸੋਸੀਏਸ਼ਨ, ਸਹਾਰਾ ਕਲੱਬ ਜ਼ੀਰਾ, ਐਂਟੀ ਕੁਰੱਪਸ਼ਨ ਕਾਰਪੋਰੇਸ਼ਨ ਆਫ ਇੰਡੀਆ ਆਦਿ ਸ਼ਾਮਲ ਹੋਏ। ਧਰਨੇ ਦੌਰਾਨ ਪਹੁੰਚੇ
ਐੱਸਡੀਐੱਮ ਅਰਵਿੰਦਰਪਾਲ ਸਿੰਘ ਅਤੇ ਤਹਿਸੀਲਦਾਰ ਸਤਿੰਦਰਪਾਲ ਸਿੰਘ ਨੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਤਹਿਸੀਲਦਾਰ ਵੱਲੋਂ ਕਿਸਾਨਾਂ ਨੂੰ ਬੋਲੇ ਗਏ ਅਪਸ਼ਬਦ ਵਾਪਸ ਲੈਣ ’ਤੇ ਜਥੇਬੰਦੀ ਦੇ ਆਗੂਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
