ਕਿਸਾਨਾਂ ਨੇ ਧਰਨਾ ਡੀ ਸੀ ਦਫ਼ਤਰ ’ਚੋਂ ਬਾਹਰ ਤਬਦੀਲ ਕੀਤਾ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮੰਗਲਵਾਰ ਸਾਰਾ ਦਿਨ ਡਿਪਟੀ ਕਮਿਸ਼ਨਰ ਦਫਤਰ ਅੰਦਰ ਰੋਸ ਧਰਨਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਿਰਾਓ ਕੀਤਾ ਗਿਆ। ਜਥੇਬੰਦੀ ਦੇ ਸੂਬਾਈ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੇਰ ਰਾਤ ਧਰਨਾ ਬਾਹਰ ਤਬਦੀਲ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਆਵਜ਼ੇ ਦੀਆਂ ਮੰਗ ਜਲਦੀ ਪੂਰੀ ਨਾ ਕੀਤੀ ਤਾਂ ਜਥੇਬੰਦੀ ਮੁੜ ਅਧਿਕਾਰੀਆਂ ਦਾ ਦਿਨ-ਰਾਤ ਦਾ ਘਿਰਾਓ ਕਰੇਗੀ। ਕਿਸਾਨ ਆਗੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਮੰਗਾਂ ਨੂੰ ਟਾਲ-ਮਟੋਲ ਕਰਕੇ ਹੀ ਘਰ ਪੂਰਾ ਕਰਨਾ ਚਾਹੁੰਦੀ ਹੈ ਜਦਕਿ ਜਥੇਬੰਦੀ ਆਪਣੇ ਜਥੇਬੰਦਕ ਸੰਘਰਸ਼ ਦੇ ਬਲਬੂਤੇ ਮੰਗਾਂ ਨੂੰ ਇੰਨਬਿੰਨ ਲਾਗੂ ਕਰਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਜਾਰੀ ਰੱਖੇਗੀ। ਜਥੇਬੰਦੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ, ਯੂਥ ਆਗੂ ਗੁਰਭੇਜ ਸਿੰਘ ਰੋਹੀਵਾਲਾ ਅਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਅੱਜ ਦਾ ਛੇ ਜ਼ਿਲ੍ਹਿਆਂ ਦਾ ਇਹ ਰੋਸ ਧਰਨਾ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਸੀ ਕਿ ਜੇਕਰ ਉਨ੍ਹਾਂ ਅਜੇ ਵੀ ਮੁਆਵਜ਼ੇ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਅਗਲੇ ਸਖਤ ਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨਾਲ ਦੇਰ ਰਾਤ ਹੋਈ ਬੈਠਕ ਦੌਰਾਨ ਆਪਣੀਆਂ ਜਾਇਜ਼ ਮੰਗਾਂ ਬਾਰੇ ਦੱਸਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਹਰ ਵਾਰ ਇਹ ਮੰਗ ਪੂਰੀ ਕਰਾਉਣ ਲਈ ਜਥੇਬੰਦੀ ਨੂੰ ਖੁਆਰ ਹੋਣਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ।
ਸਰਕਾਰ ਨੂੰ ਮਾਮਲੇ ਬਾਰੇ ਦੱਸ ਦਿੱਤਾ ਹੈ: ਡੀ ਸੀ
ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਆਮ ਲੋਕਾਂ ਨੇ ਡੀ ਸੀ ਦਫਤਰ ਵਿੱਚ ਕੰਮ ਕਰਾਉਣ ਵਾਸਤੇ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਆਉਣਾ ਹੁੰਦਾ ਹੈ। ਇਸ ਲਈ ਦਫਤਰ ਦੇ ਬੂਹੇ ਬੰਦ ਕਰਨ ਨਾਲ ਲੋਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ। ਕਿਸਾਨ ਆਗੂਆਂ ਨੇ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਅਤੇ ਉਨ੍ਹਾਂ ਡੀ ਸੀ ਦਫ਼ਤਰ ਖਾਲ੍ਹੀ ਕਰ ਦਿੱਤਾ। ਜਿਥੋਂ ਤੱਕ ਮੁਆਵਜ਼ੇ ਦੀ ਮੰਗ ਹੈ ਉਹ ਸਰਕਾਰ ਦੀ ਨੀਤੀ ਅਨੁਸਾਰ ਦੇਣ ਵਾਸਤੇ ਹਨ ਪਰ ਜਥੇਬੰਦੀ ਉਸ ਨਾਲ ਸਹਿਮਤ ਨਹੀਂ, ਇਸ ਸਬੰਧੀ ਸਰਕਾਰ ਨੂੰ ਵੀ ਜਾਣੂ ਕਰਵਾ ਦਿੱਤਾ ਹੈ।
