ਕਿਸਾਨਾਂ ਦਾ ਅਣਮਿੱਥੇ ਸਮੇਂ ਦਾ ਧਰਨਾ ਪੰਜਵੇਂ ਦਿਨ ’ਚ ਦਾਖ਼ਲ
ਤਿੱਖੇ ਸੰਘਰਸ਼ ਲਈ ਪਿੰਡੋ-ਪਿੰਡ ਲਾਮਬੰਦੀ ਸ਼ੁਰੂ
Advertisement
ਭਾਰਤੀ ਕਿਸਾਨ ਯੂਨੀਅਨ (ਏਕਤਾ)- ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਧਰਨਾ ਪੰਜਵੇਂ ਦਿਨ ’ਚ ਦਾਖਲ ਹੋ ਗਿਆ ਹੈ ਪਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਬਜਾਇ ਸਰਕਾਰ ਅਤੇ ਪ੍ਰਸ਼ਾਸਨ ਅਜੇ ਵੀ ਮੂਕ ਦਰਸ਼ਕ ਬਣਕੇ ਦੇਖ ਰਿਹਾ ਹੈ ਜਿਸ ਕਰਕੇ ਧਰਨਾਕਾਰੀਆਂ ’ਚ ਰੋਸ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਹ ਸੰਘਰਸ਼ ਹੋਰ ਤਿੱਖਾ ਕਰਨ ਦੀਆਂ ਵਿਉਂਤਬੰਦੀਆਂ ਸ਼ੁਰੂ ਹੋ ਗਈਆਂ ਹਨ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ (ਉਗਰਾਹਾਂ) ਦੇ ਆਗੂਆਂ ਬਲਵਿੰਦਰ ਸਿੰਘ ਮੱਤਾ, ਕੁਲਬੀਰ ਸਿੰਘ ਭਾਗਸਰ, ਹਰਬੰਸ ਸਿੰਘ ਕੋਟਲੀ ਅਤੇ ਗੁਰਭਗਤ ਸਿੰਘ ਭਲਾਈਆਣਾ ਨੇ ਆਖਿਆ ਕਿ ਸਰਕਾਰ ਦੇ ਬੇਰੁਖੀ ਵਾਲੇ ਵਤੀਰੇ ਖਿਲਾਫ਼ ਮੁਕਤਸਰ ਅਤੇ ਫਰੀਦਕੋਟ ਦੇ ਪਿੰਡ-ਪਿੰਡ ਕਿਸਾਨਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਉਪਰੰਤ ਆਉਣ ਵਾਲੇ ਦਿਨਾਂ ’ਚ ਵੱਡੀ ਗਿਣਤੀ ਕਿਸਾਨ ਇਸ ਸੰਘਰਸ਼ ਦਾ ਹਿੱਸਾ ਬਣਨਗੇ। ਉਨ੍ਹਾਂ ਆਖਿਆ ਕਿ ਜਿਸ ਮੁਆਵਜ਼ੇ ਦੀਆਂ ਮੰਗਾਂ ਦੀ ਪੂਰਤੀ ਲਈ ਧਰਨਾ ਲਾਇਆ ਜਾ ਰਿਹਾ ਹੈ ਉਹ ਸਾਰੀਆਂ ਮੰਗਾਂ ਬੀਕੇਯੂ ਉਗਰਾਹਾਂ ਵੱਲੋਂ ਪਹਿਲਾਂ ਹੀ ਸਰਕਾਰ ਤੋਂ ਮਨਵਾਈਆਂ ਤੇ ਲਾਗੂ ਕਰਵਾਈਆਂ ਜਾ ਚੁੱਕੀਆਂ ਹਨ, ਜਿਸਦੀਆਂ ਦਰਜਨਾਂ ਉਦਾਹਰਣਾਂ ਹਨ। ਉਨ੍ਹਾਂ ਦੱਸਿਆ ਕਿ ਲੋਕ ਹਿੱਤ ’ਚ ਜਾਨ ਲਾਉਣ ਵਾਲੇ ਕਿਸਾਨਾਂ ਦੀ ਧਰਨੇ ਜਾਂ ਹਾਦਸੇ ’ਚ ਮੌਤ ਉਪਰੰਤ ਪੀੜਤ ਪਰਿਵਾਰ ਲਈ 10 ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ, ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕਰਨਾ ਅਤੇ ਜ਼ਖਮੀਆਂ ਦਾ ਸਰਕਾਰੀ ਖਰਚੇ ਤੇ ਇਲਾਜ ਕਰਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ’ਚ ਸੂਬਾ ਕਮੇਟੀ ਦੀ ਸ਼ਮੂਲੀਅਤ ਵੀ ਹੋਵੇਗੀ। ਇਸ ਮੌਕੇ ਜਸਪ੍ਰੀਤ ਸਿੰਘ ਜੈਤੋ, ਜਸਵੀਰ ਸਿੰਘ ਗੰਧੜ, ਗੁਰਸੇਵਕ ਸਿੰਘ ਲੰਬੀ, ਅਜੈਬ ਸਿੰਘ ਕੋਠੇ ਅਮਨਗੜ੍ਹ, ਮਾਸਟਰ ਗੁਰਚਰਨ ਸਿੰਘ ਤੋਂ ਇਲਾਵਾ ਭਰਾਤਰੀ ਜਥੇਬੰਦੀ ਵੱਲੋਂ ਬਿਜਲੀ ਮੁਲਾਜ਼ਮ ਆਗੂ ਅਮਰਜੀਤ ਸ਼ਰਮਾ ਤੇ ਪਿਆਰੇ ਲਾਲ ਦੋਦਾ ਵੀ ਮੌਜੂਦ ਸਨ।
Advertisement
Advertisement
