ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ ਵੱਲੋਂ ਅਰਥੀ ਫੂਕ ਮੁਜ਼ਾਹਰੇ

ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਮੋਰਚੇ ਹਟਾਉਣ ਦਾ ਵਿਰੋਧ
ਪਿੰਡ ਬੰਗੀ ਦੀਪਾ ਵਿੱਚ ਪੰਜਾਬ ਸਰਕਾਰ ਦੀ ਅਰਥੀ ਸਾੜਦੇ ਹੋਏ ਕਿਸਾਨ। -ਫੋਟੋ: ਘਟੌੜਾ
Advertisement

ਪੱਤਰ ਪ੍ਰੇਰਕ

ਮਾਨਸਾ, 21 ਮਾਰਚ

Advertisement

ਖਨੌਰੀ ਤੇ ਸੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਹਟਾਉਣ ਤੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਅੱਜ ਕਿਸਾਨਾਂ ਨੇ ਮੁੱਖ ਮੰਤਰੀ ਦੀ ਅਰਥੀ ਸਾੜੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਜਿੱਥੇ ਐੱਮਐੱਸਪੀ ਵਰਗੇ ਮਸਲਿਆਂ ਦੇ ਹੱਲ ਲਈ ਜੂਝ ਰਹੀ ਹੈ, ਉਥੇ ਐੱਸਕੇਐੱਮ ਫਰੰਟ ਤੋਂ ਭਾਰਤ ਮਾਲਾ ਪ੍ਰਾਜੈਕਟ ਦਾ ਯੋਗ ਮੁਆਵਜ਼ਾ ਲੈਣ, ਪੰਜਾਬ ਦੇ ਪਾਣੀ ਬਚਾਉਣ, ਕਰਜ਼ੇ ਮੁਆਫ਼ ਕਰਨ, ਪ੍ਰੀਪੇਡ ਸਮਾਰਟ ਮੀਟਰ ਰੱਦ ਕਰਵਾਉਣ, ਲਾਵਾਰਿਸ ਪਸ਼ੂਆਂ ਦੀ ਸਮੱਸਿਆ ਹੱਲ ਕਰਵਾਉਣ ਅਤੇ ਨਵੀਂ ਸਿੱਖਿਆ ਨੀਤੀ ਰੱਦ ਕਰਵਾਉਣ ਵਰਗੇ ਅਹਿਮ ਮੁੱਦੇ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚ ਦਹਿਸ਼ਤ ਦਾ ਮਾਹੌਲ ਬਣਾ ਕੇ ਲੋਕਾਂ ਨੂੰ ਦਬਾਉਣ ਦਾ ਕੰਮ ਰਹੀ ਹੈ, ਜਿਸ ਦਾ ਖਮਿਆਜ਼ਾ ਉਹ ਆਉਂਦੀਆਂ ਚੋਣਾਂ ਦੌਰਾਨ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਵਿਰੋਧ ਕਰਦੇ ਰਹਿਣਗੇ। ਇਸ ਮੌਕੇ ਅਮਰੀਕ ਸਿੰਘ, ਕਰਮਜੀਤ ਕੌਰ, ਬਾਬੂ ਸਿੰਘ ਜੋਗਾ, ਬਲਜੀਤ ਕੌਰ, ਸੁਲਤਾਨ ਹੋਰ ਹਾਜ਼ਰ ਸਨ।

ਰਾਮਾਂ ਮੰਡੀ (ਪੱਤਰ ਪ੍ਰੇਰਕ) ਇਸੇ ਦੌਰਾਨ ਪਿੰਡ ਬੰਗੀ ਦੀਪਾ ਸਿੰਘ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਇਕਾਈ ਦੇ ਪ੍ਰਧਾਨ ਨੈਬ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਨੈਬ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਹਰ ਵਿਅਕਤੀ ਨੂੰ ਆਪਣੀ ਮੰਗ ਨੂੰ ਲੈਕੇ ਰੋਸ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਹੱਕ ਹੈ। ਇਸ ਲਈ ਸਰਕਾਰ ਨੂੰ ਧਰਨਾਕਾਰੀ ਕਿਸਾਨਾਂ ਤੇ ਜ਼ੁਲਮ ਕਰਨ ਦੀ ਬਜਾਏ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣੀਆਂ ਚਾਹੀਦੀਆਂ ਸਨ।

ਰਾਮਪੁਰਾ ਫੂਲ਼ (ਖੇਤਰੀ ਪ੍ਰਤੀਨਿਧ): ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ ਨੇ ਕਿਹਾ ਕਿ ਕੱਲ੍ਹ ਗ੍ਰਿਫ਼ਤਾਰ ਕੀਤੇ ਕਿਸਾਨਾਂ ’ਚੋਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਤਿੰਨ ਹੋਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਆਪਣੇ ਨਾਲ ਲੈ ਗਈ ਜਿਸ ਦੇ ਰੋਸ ਵਜੋਂ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਕਮੇਟੀ ਵੱਲੋਂ ਅੱਜ ਮਹਿਰਾਜ ਅਤੇ ਵੱਖ-ਵੱਖ ਪਿੰਡਾਂ ਵਿੱਚ ਮਾਨ ਸਰਕਾਰ ਦੀ ਅਰਥੀਆਂ ਫ਼ੂਕੀਆਂ ਗਈਆਂ ਹੈ।

ਦੋਦਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਆਗੂਆਂ ਨੂੰ ਗ੍ਰਿਫਤਾਰ ਕਰਨ ਅਤੇ ਕਿਸਾਨੀ ਮੋਰਚਿਆਂ ਉੱਤੇ ਪੁਲਸ ਦੇ ਜਬਰ ਖ਼ਿਲਾਫ਼ ਅੱਜ ਕਈ ਥਾਵਾਂ ਉੱਤੇ ਮੁੱਖ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ।

ਸ਼ਹਿਣਾ (ਪੱਤਰ ਪ੍ਰੇਰਕ): ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ ਹੋਰਨਾਂ ਨੂੰ ਗ੍ਰਿਫਤਾਰ ਕਰਨ ਖ਼ਿਲਾਫ਼ ਅੱਜ ਕਿਸਾਨਾਂ ਨੇ ਮੁਜ਼ਾਹਰਾ ਕੀਤਾ। ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਕਰੋੜਾਂ ਦਾ ਸਾਮਾਨ ਚੋਰੀ ਕਰ ਲਿਆ ਤੇ ਤੋੜ ਦਿੱਤਾ ਅਤੇ ਅੱਧੀ ਰਾਤ ਕਿਸਾਨ ਸੜਕਾਂ ’ਤੇ ਰੁਲਦੇ ਰਹੇ। ਉਨ੍ਹਾਂ 26 ਨੂੰ ਵਿਧਾਨ ਸਭਾ ਵੱਲ ਕੂਚ ਕਰਨ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਕਿਸਾਨਾਂ ਨੂੰ ਸਰਕਾਰ ਦੇ ਜਬਰ ਖ਼ਿਲਾਫ਼ ਡਟਣ ਦਾ ਸੱਦਾ

ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਦੀ ਪ੍ਰਧਾਨਗੀ ਹੇਠ ਜ਼ੀਰਾ ਵਿੱਚ ਹੋਈ,ਜਿਸ ਵਿੱਚ ਚੇਅਰਮੈਨ ਸੁਰਜੀਤ ਸਿੰਘ ਫੂਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਪੰਜਾਬ ਵਿੱਚ ਬਣੇ ਹੋਏ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਗਈ। ਚੇਅਰਮੈਨ ਸੁਰਜੀਤ ਸਿੰਘ ਫੂਲ ਅਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਕੇਂਦਰ ਦੇ ਇਸ਼ਾਰੇ ’ਤੇ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਕੇ ਆਪਣਾ ਪੰਜਾਬ ਤੇ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਕਿ ਗੱਲਬਾਤ ਵਾਸਤੇ ਸੱਦ ਕੇ ਗ੍ਰਿਫ਼ਤਾਰੀਆਂ ਕੀਤੀਆਂ ਜਾਣ। ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਮੋਰਚੇ ਦੇ ਸਬੰਧ ਵਿੱਚ ਯਥਾਸਥਿਤੀ ਬਰਕਰਾਰ ਰੱਖੀ ਹੋਈ। ਇਸ ਦੇ ਬਾਵਜੂਦ ਪੁਲੀਸ ਨੇ ਮੋਰਚੇ ਉੱਪਰ ਹਮਲਾ ਕੀਤਾ, ਕਿਸਾਨਾਂ ਦੀਆਂ ਟਰਾਲੀਆਂ, ਟੈਂਟ, ਟਰੈਕਟਰ ਤੇ ਹੋਰ ਸਾਮਾਨ ਤੋੜਿਆ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜੋ ਭਗਤ ਸਿੰਘ ਦੇ ਨਾਂ ਤੇ ਸੱਤਾ ਵਿੱਚ ਆਈ ਸੀ ਉਸ ਨੇ ਸ਼ਹੀਦ ਦੇ ਨਾਮ ਨੂੰ ਕਲੰਕਿਤ ਕੀਤਾ ਹੈ। ਬੇਸ਼ੱਕ ਸਰਕਾਰ ਕਿਸਾਨਾਂ ਦੇ ਮੋਰਚੇ ਉਖੇੜਨ ਵਿੱਚ ਕਾਮਯਾਬ ਹੋਈ ਹੈ ਪਰ ਕਿਸਾਨਾਂ ਦਾ ਅੰਨਦੋਲਨ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਵਿਸ਼ਵਾਸਘਾਤ ਦਾ ਜਵਾਬ ਦੇਣ ਲਈ 23 ਮਾਰਚ ਨੂੰ ਹੁਸੈਨੀਵਾਲਾ (ਫਿਰੋਜ਼ਪੁਰ) ਪਹੁੰਚਣ ਅਤੇ ਬਾਕੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੋਕ ਝੰਡਾ ਮਾਰਚ ਕਰ ਕੇ ਸਰਕਾਰੀ ਜਬਰ ਅੱਗੇ ਡਟਣ ਦਾ ਅਹਿਦ ਕਰਨ।

Advertisement
Show comments