ਕਿਸਾਨ ਮੰਡੀਆਂ ’ਚ ਰਾਤਾਂ ਕੱਟਣ ਲਈ ਮਜਬੂਰ
ਪੰਜਾਬ ਸਰਕਾਰ ਵੱਲੋਂ ਐਤਕੀਂ 15 ਸਤੰਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰ ਕੇ ਅਨਾਜ ਮੰਡੀਆਂ ਵਿੱਚ ਚੰਗੇ ਖਰੀਦ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਮਾਲਵਾ ਖੇਤਰ ਦੇ ਖਰੀਦ ਕੇਂਦਰਾਂ ਵਿੱਚ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪਿੰਡਾਂ ਵਿਚਲੇ ਖਰੀਦ ਕੇਂਦਰਾਂ ’ਚ ਅਧਿਕਾਰੀ ਜਾਣ ਤੋਂ ਕੰਨੀ ਕਤਰਾ ਰਹੇ ਹਨ, ਜਦੋਂ ਕਿ ਝੋਨੇ ਦੀ ਬੋਲੀ ਵੇਲੇ 3-4 ਢੇਰੀਆਂ ਤੋਂ ਵੱਧ ਪਾਸ ਨਹੀਂ ਹੁੰਦੀਆਂ ਹਨ। ਬਹੁਤੇ ਖਰੀਦ ਕੇਂਦਰਾਂ ਵਿੱਚ ਇੰਸਪੈਕਟਰਾਂ ਵੱਲੋਂ ਮੋਬਾਈਲ ਫੋਨਾਂ ਜ਼ਰੀਏ ਹੀ ਕੰਮ ਚਲਾਇਆ ਜਾ ਰਿਹਾ ਹੈ। ਅਜਿਹੇ ਖਰੀਦ ਕੇਂਦਰਾਂ ਵਿੱਚ ਇਕੱਲੇ ਕਿਸਾਨ ਹੀ ਨਹੀਂ, ਸਗੋਂ ਆੜ੍ਹਤੀ ਵੀ ਔਖੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਕਿਸਾਨਾਂ ਵੱਲੋਂ ਅੰਦੋਲਨ ਵਿੱਢਣ ਅਤੇ ਡਿਪਟੀ ਕਮਿਸ਼ਨਰ ਦੇ ਭਰੋਸਿਆਂ ਤੋਂ ਬਾਅਦ ਵੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਹੀਂ ਹੋ ਰਹੀ। ਮੰਡੀਆਂ ਵਿੱਚ ਹੁਣ ਸੁੱਕਾ ਝੋਨਾ ਆ ਰਿਹਾ ਹੈ, ਕਿਉਂਕਿ ਅਜੇ ਮੌਸਮ ਵਿੱਚ ਸਿੱਲ੍ਹ ਦੀ ਕੋਈ ਸੰਭਾਵਨਾ ਨਹੀਂ ਬਣੀ ਹੈ ਪਰ ਫਿਰ ਵੀ ਕਿਸਾਨ ਮੰਡੀਆਂ ’ਚ ਰਾਤਾਂ ਕੱਟਣ ਲਈ ਮਜਬੂਰ ਹਨ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਝੋਨੇ ਦੇ ਖ਼ਰੀਦ ਪ੍ਰਬੰਧ ਦਰੁੱਸਤ ਨਾ ਹੋਣ ਕਾਰਨ ਝੋਨੇ ਨਾਲ ਮੰਡੀਆਂ ਭਰੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਫ਼ਸਲ ਪੁੱਜਣ ’ਤੇ ਉਸ ਦੀ ਸਾਂਭ-ਸੰਭਾਲ ਕਰਨ ਦੀ ਜ਼ਿੰਮੇਵਾਰੀ ਸਰਕਾਰ, ਜ਼ਿਲ੍ਹਾ ਪ੍ਰਸ਼ਾਸ਼ਨ, ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਅਤੇ ਆੜ੍ਹਤੀਆਂ ਦੀ ਬਣਦੀ ਹੈ।
ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਅਨੁਸਾਰ ਮੰਡੀਆਂ ਵਿੱਚ ਕਈ-ਕਈ ਦਿਨਾਂ ਤੋਂ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਖਰੀਦ ਕੇਂਦਰਾਂ ਵਿੱਚ ਸਰਕਾਰ ਦੇ ਵਾਅਦਿਆਂ ਤੋਂ ਉਲਟ ਹਕੀਕਤ ਕੁਝ ਹੋਰ ਹੀ ਦੇਖਣ ਨੂੰ ਮਿਲ ਰਹੀ ਹੈ।
ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਬੋਲੀ ਸਮੇਤ ਤੁਲਾਈ, ਝਰਾਈ, ਭਰਾਈ ਅਤੇ ਲਿਫਟਿੰਗ ਦਾ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਜਿਵੇਂ-ਜਿਵੇਂ ਸੁੱਕਾ ਝੋਨਾ ਆ ਰਿਹਾ ਹੈ, ਉਸ ਦੀ ਨਾਲੋ-ਨਾਲ ਖਰੀਦ ਹੋ ਰਹੀ ਹੈ ਅਤੇ ਖਰੀਦ ਪ੍ਰਬੰਧਾਂ ਬਾਰੇ ਬਕਾਇਦਾ ਜਾਣਕਾਰੀ ਹਰ ਰੋਜ਼ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਲਈ ਜਾ ਰਹੀ ਹੈ।
ਸਿਆਸੀ ਆਗੂ ਮੰਡੀਆਂ ਤੋਂ ਦੂਰ
ਵਿਧਾਨ ਸਭਾ ਚੋਣਾਂ ਵਿੱਚ ਸਵਾ ਸਾਲ ਦਾ ਸਮਾਂ ਰਹਿ ਗਿਆ ਪਰ ਦਿਲਚਸਪ ਗੱਲ ਹੈ ਕਿ ਇਸ ਵਾਰ ਖਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ਤੋਂ ਸੱਤਾਧਾਰੀ ਪਾਰਟੀ ਸਣੇ ਹੋਰ ਸਿਆਸੀ ਧਿਰਾਂ ਦੇ ਆਗੂ ਦੂਰ ਹਨ। ਪਹਿਲਾਂ ਸੱਤਾਧਾਰੀ ਧਿਰ ਨਾਲ ਜੁੜੇ ਸਿਆਸੀ ਨੇਤਾ ਅਕਸਰ ਮੰਡੀਆਂ ਵਿੱਚ ਜਾ ਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਸਨ ਅਤੇ ਵਿਰੋਧੀ ਪਾਰਟੀਆਂ ਦੇ ਆਗੂ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਦੀ ਸਾਰ ਲੈਣ ਦੇ ਬਹਾਨੇ ਮਾੜੇ ਪ੍ਰਬੰਧਾਂ ਨੂੰ ਅਕਸਰ ਹੀ ਕੋਸਦੇ ਸਨ ਪਰ ਇਸ ਵਾਰ ਅਜਿਹੇ ਨੇਤਾਵਾਂ ਦਾ ਖਰੀਦ ਕੇਂਦਰਾਂ ਤੋਂ ਕਿਸਾਨਾਂ ਨੂੰ ਮਿਲਣ ਲਈ ਮੋਹ ਭੰਗ ਹੋਇਆ ਜਾਪਣ ਲੱਗਿਆ ਹੈ।
