ਬਠਿੰਡਾ ’ਚ ਕਿਸਾਨ ਮੇਲਾ 30 ਨੂੰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਕਾਮੀ ਖੇਤਰੀ ਖੋਜ ਕੇਂਦਰ ਵਿੱਚ 30 ਸਤੰਬਰ ਨੂੰ ‘ਕਿਸਾਨ ਮੇਲਾ’ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਨਿਰਦੇਸ਼ਕ ਡਾ. ਕਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਮੇਲੇ ਦਾ ਮੁੱਖ ਉਦੇਸ਼ ‘ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ’ ਹੋਵੇਗਾ। ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ, ਸਬਜ਼ੀਆਂ ਦੀਆਂ ਕਿੱਟਾਂ, ਸਬਜ਼ੀਆਂ ਦੀ ਪਨੀਰੀ ਅਤੇ ਫ਼ਲਦਾਰ ਬੂਟੇ ਮੁਹੱਈਆ ਕਰਵਾਏ ਜਾਣਗੇ।
ਇਸ ਮੇਲੇ ਅੰਦਰ ਖਾਸ ਤੌਰ ’ਤੇ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ.-872 ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਨਾਲ ਸਬੰਧਿਤ ਅਦਾਰਿਆਂ ਵੱਲੋਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ ਅਤੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ, ਸਬਜ਼ੀਆਂ ਅਤੇ ਫ਼ਲਾਂ ਸਬੰਧੀ ਨੁਮਾਇਸ਼ ਵੀ ਲਗਾਈ ਜਾਵੇਗੀ। ਸੁਆਣੀਆਂ ਨੂੰ ਘਰੇਲੂ ਕੰਮਾਂ ਅਤੇ ਸਹਾਇਕ ਧੰਦਿਆਂ ਸਬੰਧੀ ਜਾਣਕਾਰੀ ਅਤੇ ਖੇਤੀ ਸਾਹਿਤ ਮੁਹੱਈਆ ਕਰਵਾਇਆ ਜਾਵੇਗਾ।