ਵੜਿੰਗ ਟੌਲ ਪਲਾਜ਼ਾ ਬੰਦ ਕਰ ਕੇ ਸੰਘਰਸ਼ ’ਤੇ ਡਟੇ ਕਿਸਾਨ
ਮੁਕਤਸਰ-ਕੋਟਕਪੁਰਾ ਰੋਡ ’ਤੇ ਸਥਿਤ ਵੜਿੰਗ ਟੌਲ ਪਲਾਜ਼ਾ ਅੱਜ ਦੂਸਰੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬੰਦ ਰੱਖਿਆ ਗਿਆ। ਬੀਕੇਯੂ ਏਕਤਾ ਸਿੱਧੂਪੁਰ ਅਤੇ ਬੀਕੇਯੂ ਡਕੌਂਦਾ ਦੇ ਟੌਲ ਪਲਾਜ਼ਾ ਬੰਦ ਰੱਖਣ ਸਬੰਧੀ ਵੱਖੋ-ਵੱਖ ਦਾਅਵੇ ਸਾਹਮਣੇ ਆਏ ਹਨ। ਸਿੱਧੂਪੁਰ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਾਂ ਦਾ ਕੰਮ ਮੁਕੰਮਲ ਨਹੀਂ ਹੁੰਦਾ ਟੌਲ ਪਲਾਜ਼ਾ ਸ਼ੁਰੂ ਨਹੀਂ ਕਰਨ ਦੇਣਗੇ ਜਦਕਿ ਡਕੌਂਦਾ ਦਾ ਕਹਿਣਾ ਹੈ ਕਿ ਟੌਲ ਪਲਾਜ਼ਾ ਸ਼ੁਰੂ ਕੀਤਾ ਜਾਵੇ ਤੇ ਨਾਲ ਹੀ ਪੁਲਾਂ ਦਾ ਕੰਮ ਕਰਵਾਇਆ ਜਾਵੇ। ਹੁਣ ਪ੍ਰਸ਼ਾਸਨ ਵੱਲੋਂ ਇਸ ਮਾਮਲੇ ’ਤੇ 2 ਸਤੰਬਰ ਨੂੰ ਬੈਠਕ ਸੱਦੀ ਗਈ ਹੈ।
ਇਸ ਦੌਰਾਨ ਬੀਕੇਯੂ ਸਿੱਧੂਪੁਰ ਦੇ ਆਗੂ ਹਰਜਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਟੌਲ ਪਲਾਜ਼ਾ ਕੰਪਨੀ ਕੋਟਕਪੂਰਾ ਰੋਡ 'ਤੇ ਪੈਂਦੀਆਂ ਦੋਵੇਂ ਨਹਿਰਾਂ ਦੇ ਪੁਲ ਨਹੀਂ ਬਣਾ ਦਿੰਦੀ ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਕਮੀਆਂ-ਪੇਸ਼ੀਆਂ ਨੂੰ ਦੂਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਕੰਪਨੀ ਵਾਅਦਾ ਕਰਕੇ ਭੱਜਦੀ ਰਹੀ ਹੈ। ਲੋਕਾਂ ਤੋਂ ਟੌਲ ਦੇ ਪੈਸੇ ਵਸੂਲਦੇ ਰਹੀ ਹੈ ਪਰ ਸੁਰੱਖਿਆ ਦਾ ਕੋਈ ਕੰਮ ਨਹੀਂ ਕੀਤਾ।
ਦੂਸਰੇ ਪਾਸੇ ਇਸ ਟੌਲ ਪਲਾਜ਼ੇ ਨੂੰ ਲੰਬਾ ਸਮਾਂ ਬੰਦ ਰੱਖਣ ਤੋਂ ਬਾਅਦ ਪ੍ਰਸ਼ਾਸਨ ਦੇ ਭਰੋਸੇ ’ਤੇ ਧਰਨਾ ਵਾਪਸ ਲੈਣ ਵਾਲੇ ਕਿਸਾਨ ਜਥੇਬੰਦੀ ਬੀਕੇਯੂ ਡਕੌਂਦਾ ਦੇ ਆਗੂ ਪੂਰਨ ਸਿੰਘ ਦੀ ਅਗਵਾਈ ਹੇਠ ਅੱਜ ਇੱਕ ਵਫਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ ਅਤੇ ਯਾਦ ਕਰਵਾਇਆ ਕਿ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਹੇਠ ਦੋ ਜੁਲਾਈ ਨੂੰ ਹੋਈ ਬੈਠਕ ਵਿੱਚ ਟੌਲ ਪਲਾਜ਼ਾ ਕੰਪਨੀ ਦੇ ਚੀਫ ਆਪਰੇਟਿੰਗ ਅਫਸਰ ਜ਼ੈੱਡ ਐਨ ਸ਼ੇਖ ਨੇ ਦੱਸਿਆ ਸੀ ਕਿ ਟੌਨ ਤੋਂ ਉਗਰਾਹੇ ਪੈਸਿਆਂ ਨਾਲ ਹੀ ਪੁਲਾਂ ਦਾ ਨਿਰਮਾਣ ਤੇ ਹੋਰ ਕੰਮ ਹੋਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਾਅਦਾ ਕੀਤਾ ਸੀ ਕਿ ਕੰਪਨੀ 15 ਦਿਨਾਂ ਦੇ ਵਿੱਚ ਪੁਲਾਂ ਦਾ ਕੰਮ ਸ਼ੁਰੂ ਕਰ ਦੇਵੇਗੀ ਅਤੇ 45 ਦਿਨਾਂ ਦੇ ਵਿੱਚ ਮੁਕੰਮਲ ਕਰ ਦੇਵੇਗੀ। ਇਸ 'ਤੇ ਬੀਕੇਯੂ ਡਕੌਂਦਾ ਨੇ ਟੌਲ ਪਲਾਜ਼ਾ 'ਤੇ ਦਿੱਤਾ ਧਰਨਾ ਵਾਪਸ ਲੈ ਲਿਆ। ਕਿਸਾਨ ਆਗੂ ਪੂਰਨ ਸਿੰਘ ਨੇ ਦੱਸਿਆ ਕਿ ਹੁਣ ਕੰਪਨੀ ਵੱਲੋਂ ਦਿੱਤਾ ਸਮਾਂ ਪੂਰਾ ਹੋ ਗਿਆ ਪਰ ਕੋਈ ਕੰਮ ਸ਼ੁਰੂ ਨਹੀਂ ਹੋਇਆ। ਇਸ ਲਈ ਜਥੇਬੰਦੀ ਚਾਹੁੰਦੀ ਹੈ ਕਿ ਪ੍ਰਸ਼ਾਸਨ ਟੌਲ ਪਲਾਜ਼ਾ ਤਾਂ ਖੋਲ੍ਹ ਦੇਵੇ ਪਰ ਨਾਲ ਹੀ ਪੁਲਾਂ ਦਾ ਨਿਰਮਾਣ ਤੇ ਹੋਰ ਕੰਮ ਹੋਣ ਦਾ ਸਮਾਂ ਅਤੇ ਜ਼ਿੰਮੇਵਾਰੀ ਤੈਅ ਕਰੇ।