ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਨੇ ਪਰਾਲੀ ਫੂਕੀ; ਅਧਿਕਾਰੀਆਂ ਦਾ ਵਿਰੋਧ

ਕਣਕ ਦੀ ਕਾਸ਼ਤ ਦਾ ਸਮਾਂ ਨੇਡ਼ੇ ਆਉਣ ਕਾਰਨ ਚੁੱਕਿਆ ਕਦਮ
ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਖੇਤ ’ਚ ਪਰਾਲੀ ਨੂੰ ਲੱਗੀ ਅੱਗ। -ਫੋਟੋ: ਸੁਰੇਸ਼
Advertisement

ਕਣਕ ਦੀ ਬਿਜਾਈ ਦਾ ਕੰਮ ਸਿਰ ’ਤ ਚੜ੍ਹਦਾ ਵੇਖ ਕੇ ਹੁਣ ਕਿਸਾਨ ਪ੍ਰਸ਼ਾਸ਼ਨ ਦੀ ਬਿਨਾਂ ਪ੍ਰਵਾਹ ਕੀਤਿਆਂ ਪਰਾਲੀ ਨੂੰ ਅੱਗ ਲਾਉਣ ਲਈ ਲਗਾਤਾਰ ਤੀਲੀਆਂ ਘਸਾਉਣ ਲੱਗੇ ਹਨ। ਵੱਖ-ਵੱਖ ਥਾਵਾਂ ’ਤੇ ਅੱਜ ਦਰਜਨਾਂ ਹੀ ਪਿੰਡਾਂ ਵਿਚ ਕਿਸਾਨਾਂ ਵੱਲੋਂ ਸ਼ਰ੍ਹੇਆਮ ਪਰਾਲੀਆਂ ਨੂੰ ਫੂਕਿਆ ਗਿਆ ਹੈ। ਪਰਾਲੀਆਂ ਨੂੰ ਅੱਗ ਲਾਉਣ ਦੀਆਂ ਇਨ੍ਹਾਂ ਘਟਨਾਵਾਂ ਦੌਰਾਨ ਕੋਈ ਵੀ ਸਿਵਲ ਅਤੇ ਪੁਲੀਸ ਅਧਿਕਾਰੀ ਖੇਤਾਂ ਦੇ ਪੁੱਤਾਂ ਤੱਕ ਜਾਣ ਦਾ ਹੌਸਲਾ ਨਹੀਂ ਕਰ ਸਕਿਆ, ਜਿਸ ਕਾਰਨ ਕਿਸਾਨ ਬਿਨਾਂ ਕਿਸੇ ਡਰ-ਭੈਅ ਤੋਂ ਬੇਰੋਕ ਅੱਗਾਂ ਲਾਉਂਦੇ ਰਹੇ। ਕਿਸਾਨਾਂ ਨੇ ਕਿਹਾ ਕਿ ਉਹ ਪਰਾਲੀਆਂ ਚਾਅ ਨੂੰ ਨਹੀਂ, ਸਗੋਂ ਮਜਬੂਰੀ ਵੱਸ ਫੂਕਣ ਜਾ ਰਹੇ ਹਨ। ਸ਼ਾਮ ਤੱਕ ਮਿਲੀ ਇਕ ਰਿਪੋਰਟ ਅਨੁਸਾਰ ਤਿੰਨ ਦਰਜਨ ਤੋਂ ਵੱਧ ਪਿੰਡਾਂ ’ਚ ਪਰਾਲੀਆਂ ਨੂੰ ਮਚਾਇਆ ਗਿਆ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਪਈ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਬੇਲਰ ਨਹੀਂ ਦਿੱਤੇ ਜਾ ਰਹੇ ਹਨ, ਜਦੋਂ ਉਤੋਂ ਕਣਕ ਦੀ ਬਿਜਾਈ ਦਾ ਸਮਾਂ ਲੰਘਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਗੱਠਾਂ ਬਣਾਉਣ ਲਈ ਬੇਲਰ ਉਪਲਬੱਧ ਨਹੀਂ ਕਰਵਾਏ ਜਾ ਰਹੇ ਤਾਂ ਉਹ ਮਜ਼ਬੂਰੀ ਵੱਸ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਅੱਜ ਕਿਸਾਨਾਂ ਵੱਲੋਂ ਬੁਢਲਾਡਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸੈਂਕੜੇ ਏਕੜ ਝੋਨੇ ਦੀ ਪਰਾਲੀ ਨੂੰ ਅੱਗ ਲਾਕੇ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਇਹ ਪਰਾਲੀ ਨੂੰ ਅੱਗ ਗੱਠਾਂ ਬਣਾਉਣ ਲਈ ਬੇਲਰ ਨਾ ਦਿੱਤੇ ਜਾਣ ਅਤੇ ਅਗਲੀ ਫ਼ਸਲ ਦੀ ਬਿਜਾਈ ਦਾ ਸਮਾਂ ਸਿਰ ’ਤੇ ਹੋਣ ਕਾਰਨ ਮਜ਼ਬੂਰੀ ਵੱਸ ਲਾਉਣੀ ਪੈ ਰਹੀ ਹੈ। ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਪਰਾਲੀ ਸਾੜਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਰਾਲੀਆਂ ਸੜ ਚੁੱਕੀਆਂ ਹਨ, ਸਰਕਾਰ ਕਿੰਨਾ ਵੀ ਅੱਡੀ ਚੋਟੀ ਦਾ ਜੋਰ ਲਗਾ ਲਵੇਪਰ ਕਿਸਾਨ ਹਰ ਹਾਲਤ ਵਿੱਚ ਪਰਾਲੀ ਸਾੜਣਗੇ ਕਿਉਂਕਿ ਪਰਾਲੀ ਸਾੜਨ ਤੋਂ ਬਿਨਾਂ ਕਿਸਾਨਾਂ ਕੋਲ ਪਰਾਲੀ ਦਾ ਹੋਰ ਕੋਈ ਵੀ ਪ੍ਰਬੰਧ ਨਹੀਂ ਹੈ।

Advertisement

ਕਿਸਾਨਾਂ ਤੇ ਡੀ ਐੱਸ ਪੀ ਤਪਾ ਵਿਚਾਲੇ ਤਲਖਕਲਾਮੀ

ਤਪਾ ਮੰਡੀ (ਰੋਹਿਤ ਗੋਇਲ): ਸਬ ਡਿਵੀਜ਼ਨ ਤਪਾ ਦੇ ਪਿੰਡ ਜਗਜੀਤਪੁਰਾ ਵਿਖੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਉੱਪਰ ਕਾਰਵਾਈ ਲਈ ਖੇਤਾਂ ਵਿੱਚ ਪਹੁੰਚੇ ਅਧਿਕਾਰੀਆਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਕਿਸਾਨ ਵੱਲੋਂ ਆਪਣੇ ਖੇਤ ਅੱਗ ਲਗਾਈ ਗਈ ਸੀ, ਜਿਸ ਤੋਂ ਬਾਅਦ ਘਟਨਾ ਸਥਾਨ ਤੇ ਡੀਐਸਪੀ ਤਪਾ ਗੁਰਬਿੰਦਰ ਸਿੰਘ, ਐਸਐਚਓ ਸ਼ਹਿਣਾ ਗੁਰਮੰਦਰ ਸਿੰਘ ਅਤੇ ਹੋਰ ਪੰਚਾਇਤ ਅਤੇ

ਪਿੰਡ ਜਗਜੀਤਪੁਰਾ ਵਿੱਚ ਅਧਿਕਾਰੀਆਂ ਨਾਲ ਬਹਿਸਦੇ ਹੋਏ ਕਿਸਾਨ।

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਮੇਤ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਪਹੁੰਚੇ ਸਨ। ਇਸ ਦਾ ਪਤਾ ਚਲਦੇ ਹੀ ਘਟਨਾ ਸਥਾਨ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਉਗਰਾਹਾਂ ਦੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਤੇ ਅਧਿਕਾਰੀਆਂ ਦਾ ਘਿਰਾਓ ਕਰ ਲਿਆ। ਇਸ ਮੌਕੇ ਡੀਐਸਪੀ ਤਪਾ ਅਤੇ ਕਿਸਾਨ ਆਗੂਆਂ ਦਰਮਿਆਨ ਘਿਰਾਓ ਨੂੰ ਲੈ ਕੇ ਤਿੱਖੀ ਬਹਿਸਬਾਜ਼ੀ ਵੀ ਹੋਈ। ਕਰੀਬ ਡੇਢ ਘੰਟੇ ਬਾਅਦ ਕਿਸਾਨ ’ਤੇ ਕੋਈ ਕਾਰਵਾਈ ਨਾ ਕਰਨ ਦੇ ਭਰੋਸੇ ਉਪਰੰਤ ਕਿਸਾਨਾਂ ਵੱਲੋਂ ਅਧਿਕਾਰੀਆਂ ਦਾ ਘਿਰਾਓ ਖਤਮ ਕੀਤਾ ਗਿਆ।

ਕਿਸਾਨ ਆਗੂ ਦਰਸ਼ਨ ਸਿੰਘ ਚੀਮਾ ਅਤੇ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਸੈਟੇਲਾਈਟ ਰਾਹੀਂ ਅੱਗ ਲੱਗਣ ਦਾ ਪਤਾ ਲਗਾ ਕੇ ਕਿਸਾਨਾਂ ਉੱਪਰ ਕਾਰਵਾਈ ਕਰਨ ਲਈ ਖੇਤਾਂ ਵਿੱਚ ਪਹੁੰਚ ਰਹੇ ਹਨ, ਪਰ ਪਿਛਲੇ ਦਿਨੀ ਕਿਸਾਨਾਂ ਉੱਪਰ ਕੁਦਰਤੀ ਆਫ਼ਤ ਬਣੀ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ ਤਾਂ ਸਰਕਾਰਾਂ ਦਾ ਸੈਟੇਲਾਈਟ ਕੰਮ ਕਰਨੋਂ ਹਟ ਗਿਆ ਤੇ ਕੋਈ ਵੀ ਅਧਿਕਾਰੀ ਖੇਤਾਂ ਵਿੱਚ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਜਿਸ ਕਰਕੇ ਕਿਸਾਨ ਮਸ਼ੀਨਰੀ ਦੀ ਘਾਟ ਕਾਰਨ ਮਜਬੂਰੀਵੱਸ ਪਰਾਲੀ ਨੂੰ ਅੱਗ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਉੱਪਰ ਕਾਰਵਾਈ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਜੇਕਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਉੱਪਰ ਕਾਰਵਾਈ ਕੀਤੀ ਗਈ ਤਾਂ ਉਹ ਪਰਾਲੀ ਦੀਆਂ ਟਰਾਲੀਆਂ ਭਰ ਕੇ ਡੀਐਸਪੀ ਅਤੇ ਡੀਸੀ ਦਫ਼ਤਰਾਂ ਅੱਗੇ ਅੱਗ ਲਗਾ ਕੇ ਪ੍ਰਦਰਸ਼ਨ ਕਰਨਗੇ।

Advertisement
Show comments