ਗਰਿੱਡ ਵਿੱਚ ਚੋਰੀ ਖ਼ਿਲਾਫ਼ ਕਿਸਾਨਾਂ ਵੱਲੋਂ ਸੜਕ ਜਾਮ
ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ ਦੇ ਬਿਜਲੀ ਗਰਿੱਡ ਵਿੱਚ ਵਾਪਰੀ ਚੋਰੀ ਦੀ ਘਟਨਾ ਪਿੱਛੋਂ ਕਿਸਾਨ ਜਥੇਬੰਦੀਆਂ ਨੇ ਬਰਨਾਲਾ-ਮੋਗਾ ਰੋਡ ’ਤੇ ਪਿੰਡ ਜਗਜੀਤਪੁਰਾ ਕੋਲ ਪੁਰਾਣੇ ਟੌਲ ਪਲਾਜ਼ਾ ’ਤੇ ਸੜਕ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਅਤੇ ਲਗਪਗ ਅੱਧਾ ਘੰਟਾ ਜਾਮ ਲੱਗਿਆ ਰਿਹਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਜਸਵੀਰ ਸਿੰਘ ਸੁਖਪੁਰ ਬਲਾਕ ਪ੍ਰਧਾਨ ਕਾਦੀਆਂ, ਜ਼ਿਲ੍ਹਾ ਆਗੂ ਹਰਚਰਨ ਸਿੰਘ ਸੁਖਪੁਰ, ਰੂਪ ਸਿੰਘ ਢਿੱਲਵਾਂ, ਹਾਕਮ ਸਿੰਘ ਢਿੱਲਵਾਂ ਨੇ ਕਿਹਾ ਕਿ ਜਦ ਸਰਕਾਰੀ ਦਫ਼ਤਰ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਆਦਮੀ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ।
ਪਿੰਡ ਸੁਖਪੁਰਾ ਦੇ ਬਿਜਲੀ ਗਰਿੱਡ ਵਿੱਚ ਲੱਖਾਂ ਰੁਪਏ ਦੀ ਮਸ਼ੀਨਰੀ ਪਈ ਹੋਣ ਦੇ ਬਾਵਜੂਦ ਵੀ ਸੁਰੱਖਿਆ ਦੇ ਉੱਚਿਤ ਪ੍ਰਬੰਧ ਨਹੀਂ ਹਨ। ਗਰਿੱਡ ਦੇ ਆਲੇ ਦੁਆਲੇ ਕੰਡਿਆਲੀ ਤਾਰ ਵੀ ਮਜ਼ਬੂਤ ਨਹੀਂ ਲਾਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੁਟੇਰਿਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਰਾਤ ਨੂੰ ਕਿਸਾਨ ਆਪਣੇ ਹੀ ਖੇਤਾਂ ਵਿੱਚ ਜਾਣ ਤੋਂ ਡਰਦੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਬਿਜਲੀ ਗਰਿੱਡ ਸੁਖਪੁਰਾ ’ਚੋਂ ਚੋਰੀ ਹੋਈਆਂ 110 ਬੈਟਰੀਆਂ ਕਾਰਨ ਪਿੰਡਾਂ ਦੀ ਜੋ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਉਸ ਨੂੰ ਫੌਰੀ ਚਾਲੂ ਕੀਤਾ ਜਾਵੇ। ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਧਰਨੇ ਵਿੱਚ ਪਿੰਡ ਉੱਗੋਕੇ, ਸੰਤਪੁਰਾ, ਸੁਖਪੁਰਾ, ਨਿੰਮ ਵਾਲਾ ਮੌੜ, ਢਿੱਲਵਾਂ ਆਦਿ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪਿੰਡ ਸੁਖਪੁਰਾ ਦੇ ਬਿਜਲੀ ਗਰਿੱਡ ਵਿੱਚੋਂ 110 ਬੈਟਰੀਆਂ ਚੋਰੀ ਕਰ ਲਈਆਂ ਸਨ।