ਪੰਜਾਬ ਸਰਕਾਰ ਵਿਰੁੱਧ ਨਿੱਤਰੇ ਕਿਸਾਨ ਤੇ ਟਰੱਕ ਅਪਰੇਟਰ
ਇਥੇ ਸੰਤ ਮਹੇਸ਼ ਮੁਨੀ ਜੀ ਟਰੱਕ ਅਪਰੇਟਰਜ਼ ਵੈਲਫੇਅਰ ਸੁਸਾਇਟੀ ਨਾਲ ਸਬੰਧਤ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਵੱਲੋਂ ਆਪਣੇ ਹਿੱਤਾਂ ਦੀ ਰਾਖੀ ਲਈ ਅੱਜ ਸ਼ਹਿਰ 'ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਵੱਡੀ ਗਿਣਤੀ ਵਿਚ ਔਰਤਾਂ ਸਮੇਤ ਕਈ ਜਨਤਕ ਜਥੇਬੰਦੀਆਂ ਨੇ ਇਸ ਮਾਰਚ 'ਚ ਸ਼ਾਮਲ ਹੋ ਕੇ ਟਰੱਕ ਅਪਰੇਟਰਾਂ ਦੇ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ। ਬੀਕੇਯੂ (ਉਗਰਾਹਾਂ) ਬਲਾਕ ਭਗਤਾ ਦੇ ਪ੍ਰਧਾਨ ਜਸਪਾਲ ਸਿੰਘ ਪਾਲਾ (ਕੋਠਾ ਗੁਰੂ) ਨੇ ਦੋਸ਼ ਲਾਇਆ ਕਿ ਯੂਨੀਅਨ ਦੇ ਮਾਮਲੇ ਵਿੱਚ ਠੇਕੇਦਾਰ ਵੱਲੋਂ ਸੱਤਾਧਾਰੀ ਧਿਰ ਦੀ ਕਥਿਤ ਮਿਲੀ ਭੁਗਤ ਕਾਰਨ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੁਣ ਸੱਤਾਧਾਰੀ ਧਿਰ ਦੀ ਸ਼ਹਿ ’ਤੇ ਬਾਹਰਲੇ ਟਰੱਕਾਂ ਤੇ ਟਰੈਕਟਰ-ਟਰਾਲੀਆਂ ਰਾਹੀਂ ਮਾਲ ਢੋਇਆ ਜਾ ਰਿਹਾ ਹੈ, ਜਿਸ ਨਾਲ ਸਥਾਨਕ ਟਰੱਕ ਅਪਰੇਟਰਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੱਕ ਯੂਨੀਅਨ ਦੇ ਆਗੂ ਰਤੇਸ਼ ਰਿੰਕੂ ਨੇ ਟਰੱਕ ਮਾਲਕਾਂ ਤੇ ਅਪਰੇਟਰਾਂ ਦੀਆਂ ਹੱਕੀ ਮੰਗਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ 18 ਟਰੱਕ ਅਪਰੇਟਰਾਂ ਤੇ ਡਰਾਈਵਰਾਂ ਨੂੰ ਜੇਲ ਵਿੱਚ ਡੱਕ ਦਿੱਤਾ ਸੀ। ਇਸ ਮੌਕੇ ਮਜ਼ਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ, ਔਰਤ ਆਗੂ ਮਾਲਣ ਕੌਰ, ਰਣਧੀਰ ਸਿੰਘ ਮਲੂਕਾ, ਰਣਜੀਤ ਸਿੰਘ ਰਾਣਾ, ਮਹਿੰਦਰ ਸਿੰਘ ਸਕੱਤਰ ਤੇ ਜੀਵਨ ਸਿੰਘ ਭਗਤਾ ਹਾਜ਼ਰ ਸਨ।
