ਝੋਨਾ ਵੇਚਣ ਲਈ ਕਿਸਾਨ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ
ਖਰੀਦ ਕੇਂਦਰਾਂ ਵਿੱਚ ਵਿਕਣ ਤੋਂ ਰਹਿੰਦੇ ਝੋਨੇ ਨੂੰ ਖਰੀਦਣ ਲਈ ਅੱਜ ਕਿਸਾਨ ਜਥੇਬੰਦੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਪਿਛਲੇ ਕਈ ਦਿਨਾਂ ਤੋਂ ਪਿੰਡ ਬੁਰਜ ਰਾਠੀ ਦੇ ਖਰੀਦ ਕੇਂਦਰ ਵਿੱਚ ਬੈਠੇ ਕਿਸਾਨਾਂ ਦਾ ਝੋਨਾ ਵਿਕਾਉਣ ਲਈ ਅੱਜ ਲਏ ਗਏ ਸਟੈਂਡ ਤੋਂ ਬਾਅਦ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਹਰਕਤ ਵਿੱਚ ਆਇਆ। ਜਥੇਬੰਦੀ ਵੱਲੋਂ ਮਾਨਸਾ-ਬਠਿੰਡਾ ਮੁੱਖ ਮਾਰਗ ’ਤੇ ਜਾਮ ਲਾਉਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਪੰਜਾਬ ਪੁਲੀਸ ਦੇ ਦੋ ਡੀ ਐੱਸ ਪੀ ਬੂਟਾ ਸਿੰਘ ਗਿੱਲ, ਪ੍ਰਿਤਪਾਲ ਸਿੰਘ ਨੇ ਕਿਸਾਨਾਂ ਨੂੰ ਨਰਮਾਈ ਰੱਖਣ ਅਤੇ ਝੋਨੇ ਦੀ ਖਰੀਦ ਲਈ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਵਾਉਣ ਤੋਂ ਬਾਅਦ ਦਿੱਤੇ ਭਰੋਸੇ ਨਾਲ ਮਸਲਾ ਇੱਕ ਵਾਰ ਸ਼ਾਂਤ ਹੋ ਗਿਆ। ਭਾਵੇਂ ਪ੍ਰਸ਼ਾਸਨ ਨੇ ਭਲਕੇ 26 ਨਵੰਬਰ ਨੂੰ ਖਰੀਦ ਦਾ ਕੋਈ ਢੁੱਕਵਾਂ ਬੰਦੋਬਸਤ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਪਰ ਕਿਸਾਨ ਜਥੇਬੰਦੀ ਨੇ ਵਾਅਦਾ ਵਫ਼ਾ ਨਾ ਹੋਣ ਤੋਂ ਬਾਅਦ 27 ਨਵੰਬਰ ਨੂੰ ਮਾਨਸਾ-ਬਠਿੰਡਾ ਮੁੱਖ ਮਾਰਗ ਨੂੰ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੁਰਜ ਰਾਠੀ ਦੀ ਦਾਣਾ ਮੰਡੀ ਵਿੱਚ ਲਗਾਤਾਰ 20 ਦਿਨਾਂ ਤੋਂ ਰੁਲ ਰਿਹਾ ਝੋਨਾ ਚਕਵਾਉਣ ਲਈ ਫ਼ੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਹਿੰਦੀ ਸੀ ਕਿ ਕਿਸਾਨਾਂ ਦੇ ਝੋਨੇ ਦਾ ਦਾਣਾ-ਦਾਣਾ ਮੰਡੀਆਂ ਦੇ ਵਿੱਚੋਂ ਖਰੀਦ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਪਰ ਸਰਕਾਰ ਉਸ ਕੀਤੇ ਹੋਏ ਵਾਅਦੇ ਤੋਂ ਭੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਦੇ ਵਿੱਚ ਜੋ ਝੋਨਾ ਸਰਕਾਰ ਦੇ ਕਹਿਣ ’ਤੇ 126 ਵਰਾਇਟੀ, ਜੋ ਕਿ ਪਾਣੀ ਘੱਟ ਮੰਗਦੀ ਹੈ, ਉਹ ਲਾਈ ਗਈ ਸੀ, ਜੋ ਕਿ ਇਹ ਵਰਾਇਟੀ ਲੇਟ ਆਉਣ ਕਰਕੇ ਸਰਕਾਰ ਵੱਲੋਂ ਝੋਨੇ ਦੀ ਖਰੀਦ ਬੰਦ ਕੀਤੀ ਗਈ ਹੈ।
ਖਰੀਦ ਨੂੰ ਲੈ ਕੇ ਜਦੋਂ ਜਥੇਬੰਦੀ ਨੇ ਅੰਦੋਲਨ ਦਾ ਐਲਾਨ ਕੀਤਾ ਤਾਂ ਪੁਲੀਸ ਪ੍ਰਸ਼ਾਸਨ ਸਾਹਮਣੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਪ੍ਰਸਤਾਵ ਰੱਖਿਆ ਕਿ ਘੱਟੋ-ਘੱਟ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਆ ਕੇ ਉਨ੍ਹਾਂ ਨਾਲ ਗੱਲਬਾਤ ਕਰੇ। ਪੁਲੀਸ ਪ੍ਰਸ਼ਾਸਨ ਦੇ ਕਹਿਣ ’ਤੇ ਅਧਿਕਾਰੀ ਨੂੰ ਕਿਸਾਨਾਂ ਅਤੇ ਜਥੇਬੰਦੀ ਦੇ ਆਗੂਆਂ ਕੋਲ ਆਉਣਾ ਪਿਆ ਅਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦੀ ਗੱਡੀ ਨੂੰ ਡੇਢ ਘੰਟੇ ਤੱਕ ਘੇਰੀ ਰੱਖਿਆ। ਪੁਲੀਸ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਝੋਨੇ ਦੀ ਖਰੀਦ ਸਬੰਧੀ ਮੀਟਿੰਗ ਕਰਵਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਠੰਢਾ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਾ ਹੋਇਆ ਤਾਂ 27 ਨਵੰਬਰ ਨੂੰ ਭਾਰੀ ਇਕੱਠ ਕਰਕੇ ਰੋਡ ਜਾਮ ਕੀਤਾ ਜਾਵੇਗਾ।
