ਥਾਣੇ ਦਾ ਘਿਰਾਓ ਕਰ ਕੇ ਕਿਸਾਨ ਰਿਹਾਅ ਕਰਵਾਇਆ
ਕਿਸਾਨ ਜਥੇਬੰਦੀਆਂ ਨੂੰ ਜਦੋਂ ਬਿੰਦਰ ਸਿੰਘ ਦੇ ਪੁਲੀਸ ਵੱਲੋਂ ਪਰਾਲੀ ਫੂਕਣ ਸਬੰਧੀ ਗ੍ਰਿਫ਼ਤਾਰ ਕਰਕੇ ਥਾਣਾ ਲਿਜਾਣ ਦੀ ਕਨਸੋਅ ਮਿਲੀ ਤਾਂ ਜਥੇਬੰਦੀਆਂ ਨੇ ਥਾਣਾ ਜੋਗਾ ਦੇ ਮੁਖੀ ਨਾਲ ਸੰਪਰਕ ਕੀਤਾ ਅਤੇ ਜਦੋਂ ਮਸਲੇ ਦਾ ਹੱਲ ਨਾ ਹੋਇਆ ਤਾਂ ਭਾਰਤੀ ਕਿਸਾਨ ਯੂਨੀਅਨ (ਏਕਤਾ)- ਉਗਰਾਹਾਂ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਥਾਣਾ ਦਾ ਘਿਰਾਓ ਕਰ ਲਿਆ। ਘਿਰਾਓ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਚ ਤੋਂ ਐਲਾਨ ਕੀਤਾ ਕਿ ਜਿੰਨਾ ਚਿਰ ਤੱਕ ਫੜੇ ਕਿਸਾਨ ਨੂੰ ਰਿਹਾਅ ਕਰਨ ਲਈ ਪੁਲੀਸ ਅਧਿਕਾਰੀ ਅਤੇ ਕਿਸੇ ਖੇਤੀ ਅਧਿਕਾਰੀ ਵੱਲੋਂ ਕਿਸਾਨ ਦੀ ਜ਼ਮੀਨ ’ਤੇ ਰੈੱਡ ਐਂਟਰੀ ਨਾ ਕਰਨ ਦਾ ਭਰੋਸਾ ਨਹੀਂ ਦਿਵਾਇਆ ਜਾਂਦਾ, ਉੱਨਾ ਚਿਰ ਤੱਕ ਘਿਰਾਓ ਜਾਰੀ ਰਹੇਗਾ।
ਲੰਮਾ ਸਮਾਂ ਘਿਰਾਓ ਤੋਂ ਬਾਅਦ ਜਦੋਂ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਆਰੰਭ ਹੋਈ ਤਾਂ ਜਥੇਬੰਦੀ ਨੇ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਦਾਅਵਾ ਕੀਤਾ ਕਿ ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ ਅਮਨਦੀਪ ਸਿੰਘ ਵੱਲੋਂ ਧਰਨੇ ’ਚ ਪੁੱਜੇ ਕਿਸਾਨ ਖਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਦਿੱਤੇ ਭਰੋਸਾ ਤੋਂ ਬਾਅਦ ਘਿਰਾਓ ਖ਼ਤਮ ਕੀਤਾ ਗਿਆ।
ਪਰਾਲੀ ਪ੍ਰਦੂਸ਼ਣ: ਜ਼ਿਲ੍ਹਾ ਫ਼ਿਰੋਜ਼ਪੁਰ ’ਚ 31 ਕਿਸਾਨਾਂ ਉੱਤੇ ਕੇਸ ਦਰਜ
ਫ਼ਿਰੋਜ਼ਪੁਰ/ਤਲਵੰਡੀ ਭਾਈ (ਜਸਪਾਲ ਸਿੰਘ ਸੰਧੂ/ਸੁਦੇਸ਼ ਕੁਮਾਰ ਹੈਪੀ): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸ਼ਿਕਾਇਤਾਂ ਉੱਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੁਲੀਸ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 31 ਕਿਸਾਨਾਂ ’ਤੇ ਕੇਸ ਦਰਜ ਕੀਤੇ ਹਨ। ਬੋਰਡ ਨੇ ਪਿਛਲੇ ਦਿਨਾਂ ਵਿੱਚ ਸੈਟੇਲਾਈਟ ਰਾਹੀਂ ਤਿਆਰ ਕੀਤੀਆਂ ਰਿਪੋਰਟਾਂ ’ਤੇ ਕਾਰਵਾਈ ਕੀਤੀ ਹੈ। ਥਾਣਾ ਕੁੱਲਗੜ੍ਹੀ, ਘੱਲ ਖ਼ੁਰਦ, ਤਲਵੰਡੀ ਭਾਈ ਤੇ ਸਦਰ ਜੀਰਾ ਵਿੱਚ ਕ੍ਰਮਵਾਰ 7, 2, 4 ਤੇ 1 ਅਣਪਛਾਤੇ ਕਿਸਾਨ ’ਤੇ ਕੇਸ ਦਰਜ ਕੀਤੇ ਗਏ ਹਨ। ਮੱਲਾਂਵਾਲਾ ਅਤੇ ਗੁਰੂਹਰਸਹਾਏ ਥਾਣਿਆਂ ਵਿੱਚ ਕ੍ਰਮਵਾਰ 6 ਅਤੇ 11 ਕਿਸਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕਾਰਵਾਈ ਲਗਾਤਾਰ ਜਾਰੀ ਹੈ। ਕਿਸਾਨਾਂ ’ਤੇ ਪੁਲੀਸ ਕੇਸਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਵੀ ਕੀਤੀ ਜਾ ਰਹੀ ਹੈ।
