ਕਿਸਾਨ ਜਥੇਬੰਦੀਆਂ ਨੇ ਪਾਵਰਕੌਮ ਦਫ਼ਤਰ ਘੇਰਿਆ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 26 ਜੂਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਨੇ ਇੱਕ ਮੋਟਰ ਕੁਨੈਕਸ਼ਨ ਮਾਮਲੇ ਨੂੰ ਲੈ ਕੇ ਪਾਵਰਕੌਮ ਦਫ਼ਤਰ ਸ਼ਹਿਣਾ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕੌਮ ਦੇ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਕਿਸਾਨ ਭਜਨ ਸਿੰਘ ਦੇ ਖੇਤਾਂ ’ਚ ਲੱਗੇ ਮੋਟਰ ਕੁਨੈਕਸ਼ਨ ਦੀ ਤਬਦੀਲੀ ਦਾ ਖਰਚਾ ਭਰਾ ਲਿਆ ਜਾਵੇਗਾ ਅਤੇ ਕਿਸਾਨ ’ਤੇ ਪਾਇਆ ਬਿਜਲੀ ਚੋਰੀ ਦਾ ਕੇਸ ਵਾਪਸ ਲੈ ਲਿਆ ਜਾਵੇਗਾ, ਪ੍ਰੰਤੂ ਪਾਵਰਕੌਮ ਦੇ ਅਧਿਕਾਰੀ ਇਸ ਗੱਲ ਤੋਂ ਸਾਫ਼ ਮੁੱਕਰ ਗਏ। ਇਸ ਗੱਲ ਤੋਂ ਖਫ਼ਾ ਹੋ ਕੇ ਕਿਸਾਨਾਂ ਨੇ ਧਰਨਾ ਲਾਇਆ ਹੈ।
ਦੂਸਰੇ ਪਾਸੇ ਜੋਨੀ ਗਰਗ ਐੱਸਡੀਓ ਪਾਵਰਕੌਮ ਦਫ਼ਤਰ ਸ਼ਹਿਣਾ ਨੇ ਦੱਸਿਆ ਕਿ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਤਬਦੀਲ ਕਰਨ ਦਾ ਕੇਸ ਬਣਾ ਕੇ ਭੇਜਣ ਦੀ ਗੱਲ ਹੋਈ ਸੀ। ਇਸ ਗੱਲ ਤੋਂ ਕਿਸਾਨ ਪਾਸਾ ਵੱਟ ਰਹੇ ਹਨ। ਜੁਰਮਾਨੇ ਦੀ ਰਕਮ ਅਤੇ ਕੁਨੈਕਸ਼ਨ ਤਬਦੀਲੀ ਵਾਲੀ ਰਕਮ ਵੀ ਕਿਸ਼ਤਾਂ ’ਚ ਭਰਨ ਸਬੰਧੀ ਸਹਿਮਤੀ ਬਣੀ ਸੀ। ਐੱਸਡੀਓ ਨੇ ਕਿਹਾ ਕਿ ਚੋਰੀ ਦਾ ਕੇਸ ਵਾਪਸ ਨਹੀਂ ਲਿਆ ਜਾ ਸਕਦਾ ਪ੍ਰੰਤੂ ਇਸ ਸਬੰਧੀ ਅਧਿਕਾਰੀਆਂ ਨੂੰ ਲਿਖ ਕੇ ਭੇਜਣ ਸਬੰਧੀ ਸਹਿਮਤੀ ਹੋਈ ਸੀ। ਇਸ ਮੌਕੇ ਕਿਸਾਨ ਆAdd New Postਗੂ ਤੇਜਾ ਸਿੰਘ, ਬਲਵੀਰ ਸਿੰਘ, ਗੁਰਚਰਨ ਸਿੰਘ, ਗੁਰਜੰਟ ਸਿੰਘ ਪ੍ਰਧਾਨ ਕਾਦੀਆਂ, ਰਾਜਾ ਸਿੰਘ ਮੌੜ, ਭੋਲਾ ਸਿੰਘ ਸੇਖੋਂ, ਸੱਤੀ ਸਿੰਘ ਆਦਿ ਹਾਜਰ ਸਨ।
ਡੀਐੱਸਪੀ ਬਲਜੀਤ ਸਿੰਘ ਅਤੇ ਥਾਣਾ ਸ਼ਹਿਣਾ ਦੇ ਮੁਖੀ ਗੁਰਮੰਦਰ ਸਿੰਘ ਨੇ ਦੋਹਾਂ ਧਿਰਾਂ ਦੀ ਗੱਲ ਸੁਣ ਕੇ ਇਹ ਸਮਝੌਤਾ ਕਰਵਾਇਆ ਕਿ ਜੋ ਵੀ ਕੋਰਟ ਫੈਸਲਾ ਕਰੇਗੀ, ਉਹ ਲਾਗੂ ਹੋਵੇਗਾ।