ਪੈਸੇ ਦੇਣ ਤੋਂ ਮੁੱਕਰੇ ਆੜ੍ਹਤੀ ਤੋਂ ਪ੍ਰੇਸ਼ਾਨ ਕਿਸਾਨ ਦੀ ਮੌਤ
ਹਲਕਾ ਮਹਿਲ ਕਲਾਂ ਦੇ ਪਿੰਡ ਠੀਕਰੀਵਾਲਾ ਵਿੱਚ ਆੜ੍ਹਤੀਏ ਵੱਲੋਂ ਪੈਸੇ ਨਾ ਦੇਣ ਤੋਂ ਪ੍ਰੇਸ਼ਾਨ ਕਿਸਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੀੜਤ ਪਰਿਵਾਰ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿੱਢ ਦਿੱਤਾ ਹੈ। ਮ੍ਰਿਤਕ ਕਿਸਾਨ ਦਰਸ਼ਨ ਸਿੰਘ (60) ਦੇ ਪੁੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦੋ ਏਕੜ ਜ਼ਮੀਨ ’ਤੇ ਖੇਤੀ ਕਰਦਾ ਸੀ। ਕਰੀਬ 20 ਸਾਲਾਂ ਤੋਂ ਉਸ ਦਾ ਪਿਤਾ ਫ਼ਸਲ ਦੇ ਪੈਸੇ ਬਰਨਾਲਾ ਦੇ ਆੜ੍ਹਤੀਏ ਕੋਲ ਜਮ੍ਹਾਂ ਕਰਵਾ ਰਿਹਾ ਸੀ ਜੋ 15 ਲੱਖ ਤੋਂ ਜ਼ਿਆਦਾ ਬਣਦੇ ਹਨ। ਹੁਣ ਪਰਿਵਾਰ ਨੇ ਧੀ ਦੇ ਵਿਆਹ ਲਈ ਆੜ੍ਹਤੀਏ ਤੋਂ ਪੈਸੇ ਮੰਗੇ ਤਾਂ ਉਸ ਨੇ ਦਰਸ਼ਨ ਸਿੰਘ ਨਾਲ ਬਦਸਲੂਕੀ ਕਰਦਿਆਂ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ। ਇਸ ਕਾਰਨ ਉਸ ਦਾ ਪਿਤਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਤੇ ਉਸ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਦੇ ਹੱਕ ਵਿੱਚ ਆਈਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਬਰਨਾਲਾ ਡੀਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂ ਦਰਸ਼ਨ ਸਿੰਘ ਚੀਮਾ ਅਤੇ ਪੰਚ ਮਨਜੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਆੜਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਪਰਿਵਾਰ ਦੇ ਬਣਦੇ ਪੈਸੇ ਦਿਵਾਏ ਜਾਣ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਇਸ ਮਾਮਲੇ ’ਤੇ ਬਠਿੰਡਾ-ਜ਼ੀਰਕਪੁਰ ਰੋਡ ਜਾਮ ਕੀਤਾ ਜਾਵੇਗਾ।
ਇਸ ਸਬੰਧੀ ਬਰਨਾਲਾ ਦੇ ਡੀਐੱਸਪੀ ਸਤਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਮਨਜੀਤ ਸਿੰਘ ਦੇ ਬਿਆਨ ’ਤੇ ਥਾਣਾ ਸਦਰ ਬਰਨਾਲਾ ਵਿੱਚ ਆੜ੍ਹਤੀ ਵਲੈਤੀ ਰਾਮ, ਰਾਹੁਲ ਬਾਂਸਲ, ਅਨਿੱਲ ਬਾਂਸਲ, ਕਾਲੂ ਅਤੇ ਰਾਕੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।