ਭਾਗਸਰ ’ਚ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 11 ਜੂਨ
ਪਿੰਡ ਭਾਗਸਰ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਭਗਵੰਤ ਸਰਕਾਰ ’ਤੇ ਕਾਰਪੋਰੇਟਾਂ ਦੇ ਮੁਨਾਫਿਆਂ ਵਾਸਤੇ ਭਾਜਪਾ ਦੇ 12 ਘੰਟੇ ਕੰਮ ਲੈਣ ਦੇ ਫੈਸਲੇ ਨੂੰ ਕਾਨੂੰਨੀ ਮਾਨਤਾ ਦੇਣ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਰਾਹੀਂ ਮਜ਼ਦੂਰਾਂ ਨਾਲ ਮਜ਼ਾਕ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਫੈਸਲੇ ਲਏ ਜਾ ਰਹੇ ਹਨ।
ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਦੁਨੀਆ ਭਰ ਕਿਰਤੀਆਂ ਨੇ ਸੰਘਰਸ਼ ਲੜੇ ਅਤੇ ਉਨ੍ਹਾਂ ਸੰਘਰਸ਼ਾਂ ’ਚ ਸ਼ਹਾਦਤਾਂ ਦੇ ਕੇ ਅੱਠ ਘੰਟੇ ਕੰਮ ਲੈਣ ਦੇ ਹੱਕ ਨੂੰ ਬਹਾਲ ਕਰਵਾਇਆ ਪਰ ਭਾਜਪਾ ਹਕੂਮਤ ਵੱਲੋਂ ਕਾਰਪੋਰੇਟਾਂ ਦੇ ਮੁਨਾਫਿਆਂ ਲਈ ਅੱਠ ਦੀ ਥਾਂ 12 ਘੰਟੇ ਕੰਮ ਕਰਨ ਵਾਲ਼ਾ ਕਿਰਤ ਕੋਡ ਲਾਗੂ ਕੀਤਾ ਗਿਆ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਭਾਜਪਾ ਹਕੂਮਤ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਪੰਜਾਬ ’ਚ ਅੱਠ ਦੀ ਥਾਂ 12 ਘੰਟੇ ਕੰਮ ਲੈਣ ਕਿਰਤ ਕੋਡ ਨੂੰ ਕਨੂੰਨੀ ਮਾਨਤਾ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 4727 ਪਰਿਵਾਰਾਂ ਦੇ 68 ਕਰੋੜ ਦੇ ਕਰਜ਼ੇ ਮੁਆਫ਼ ਕਰਕੇ ਮਜ਼ਦੂਰਾਂ ਨਾਲ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 13000 ਤੋਂ ਵੱਧ ਪਿੰਡਾਂ ਦੇ ਹਿਸਾਬ ਨਾਲ ਪੌਣੇ ਤਿੰਨ ਪਿੰਡਾਂ ਮਗਰ ਇੱਕ ਬੰਦੇ ਦੀ ਕਰਜ਼ਾ ਮੁਆਫ਼ੀ ਬਣਦੀ ਹੈ ਜੋ ਊਠ ਦੇ ਮੂੰਹ ’ਚ ਜ਼ੀਰੇ ਸਾਮਾਨ ਹੈ। ਖੇਤ ਮਜ਼ਦੂਰ ਆਗੂ ਨੇ ਆਖਿਆ ਕਿ ਪੰਜਾਬ ਦੇ ਲੱਗਪਗ ਛੇ ਲੱਖ ਪਰਿਵਾਰਾਂ ’ਚੋਂ 84 ਫ਼ੀਸਦੀ ਪਰਿਵਾਰਾਂ ਸਿਰ ਛੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ’ਚੋਂ ਸਭ ਤੋਂ ਵੱਧ ਕਰਜ਼ਾ ਮਾਈਕਰੋ ਫਾਇਨਾਂਸ ਕੰਪਨੀਆਂ ਦਾ ਹੈ ਜਿਹੜਾ ਕਿ ਆਏ ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਜ਼ਦੂਰਾਂ ਸਿਰ ਚੜ੍ਹੇ ਸਾਰੇ ਕਰਜ਼ੇ ਮੁਆਫ਼ ਕਰੇ ਅਤੇ 12 ਘੰਟੇ ਕੰਮ ਕਰਨ ਵਾਲਾ ਕਿਰਤ ਕੋਡ ਵਾਪਸ ਲਵੇ।