ਫ਼ਰੀਦਕੋਟ: ਕੰਕਰੀਟ ਨਾਲ ਦੋ ਮਹੀਨੇ ਪਹਿਲਾਂ ਬਣਾਈ ਸਰਹਿੰਦ ਫੀਡਰ ਟੁੱਟੀ
ਫ਼ਰੀਦਕੋਟ ਸ਼ਹਿਰ ਵਿੱਚੋਂ ਲੰਘਦੀ ਸਰਹਿੰਦ ਫੀਡਰ ਦੋ ਮਹੀਨੇ ਪਹਿਲਾਂ ਕੰਕਰੀਟ ਦੀ ਬਣਾਉਣ ਤੋਂ ਬਾਅਦ ਪਹਿਲੇ ਮੀਂਹ ਨਾਲ ਹੀ ਟੁੱਟ ਗਈ ਹੈ। ਕੇਂਦਰ ਸਰਕਾਰ ਦੇ ਵਿਸ਼ੇਸ਼ ਪ੍ਰਾਜੈਕਟ ਤਹਿਤ ਸਰਹਿੰਦ ਫੀਡਰ ਨੂੰ ਕੰਕਰੀਟ ਦੀ ਬਣਾਈ ਗਈ ਹੈ ਅਤੇ ਨਹਿਰੀ ਵਿਭਾਗ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕੰਕਰੀਟ ਦੀ ਨਹਿਰ ਬਣਨ ਨਾਲ ਇਸ ਦੇ ਟੁੱਟਣ ਦਾ ਖਤਰਾ ਬਿਲਕੁਲ ਟਲ ਜਾਵੇਗਾ ਅਤੇ ਇਸ ਵਿੱਚ ਪਾਣੀ ਦੀ ਸਮਰੱਥਾ ਵੱਧ ਜਾਵੇਗੀ। ਹਾਲਾਂਕਿ ਸ਼ਹਿਰ ਵਾਸੀਆਂ ਨੇ ਇਸ ਨਹਿਰ ਨੂੰ ਕੰਕਰੀਟ ਦੀ ਬਣਾਉਣ ਦਾ ਵਿਰੋਧ ਕੀਤਾ ਸੀ ਕਿਉਂਕਿ ਧਰਤੀ ਹੇਠਲਾ ਪਾਣੀ ਖਾਰਾ ਸੀ ਅਤੇ ਇਸ ਨਹਿਰ ਦੇ ਪਾਣੀ ਸਿੰਮਣ ਨਾਲ ਆਸ ਪਾਸ ਦਾ ਪਾਣੀ ਮਿੱਠਾ ਹੋ ਗਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਨਹਿਰੀ ਵਿਭਾਗ ਨੇ ਦੋ ਮਹੀਨੇ ਪਹਿਲਾਂ 250 ਕਰੋੜ ਰੁਪਏ ਖਰਚ ਕੇ 8 ਕਿਲੋਮੀਟਰ ਲੰਬੀ ਸੜਕ ਨੂੰ ਕੰਕਰੀਟ ਦੀ ਬਣਾ ਦਿੱਤਾ ਸੀ। ਫਰੀਦਕੋਟ ਸ਼ਹਿਰ ਵਿੱਚ ਅੱਧੀ ਦਰਜਨ ਤੋਂ ਵੱਧ ਥਾਵਾਂ 'ਤੇ ਨਹਿਰ ਲਈ ਬਣਾਈ ਕੰਕਰੀਟ ਦੇ ਕੰਢੇ ਕੱਚ ਵਾਂਗੂ ਟੁੱਟ ਗਏ ਹਨ। ਚਹਿਲ ਪੁਲ ਦੇ ਨੇੜਿਓਂ ਵੀ ਪੁਲ ਦੇ ਨਾਲ ਲੱਗਦਾ ਹਿੱਸਾ ਟੁੱਟ ਗਿਆ ਹੈ ਜਿਸ ਕਰਕੇ ਇੱਥੇ ਬਣੇ ਸਟੀਲ ਦੇ ਪੁੱਲ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਰਹੰਦ ਫੀਡਰ ਦਾ ਦੌਰਾ ਕੀਤਾ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ। ਨਹਿਰੀ ਵਿਭਾਗ ਦੇ ਅਧਿਕਾਰੀ ਸੰਦੀਪ ਕੰਬੋਜ ਨੇ ਕਿਹਾ ਕਿ ਜਿਨ੍ਹਾਂ ਥਾਵਾਂ ਤੋਂ ਸਰਹਿੰਦ ਫੀਡਰ ਵਿੱਚ ਤਰੇੜਾਂ ਹਨ, ਉੱਥੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ 100 ਤੋਂ ਵੱਧ ਵਿਅਕਤੀ ਨਹਿਰ ਦੀ ਮਰੰਮਤ ਵਿੱਚ ਲੱਗੇ ਹੋਏ ਹਨ। ਦੱਸਣਯੋਗ ਹੈ ਕਿ ਜਦੋਂ ਸਰਹਿੰਦ ਫੀਡਰ ਵਿੱਚ ਤਰੇੜਾਂ ਪਈਆਂ ਤਾਂ ਉਸ ਸਮੇਂ ਨਹਿਰ ਬੰਦ ਸੀ ਅਤੇ ਨਹਿਰ ਟੁੱਟਣ ਤੋਂ ਕੁਝ ਘੰਟੇ ਬਾਅਦ ਹੀ ਨਹਿਰੀ ਵਿਭਾਗ ਨੇ ਇਸ ਵਿੱਚ ਪਾਣੀ ਵੀ ਛੱਡ ਦਿੱਤਾ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਸਰਹਿੰਦ ਫੀਡਰ ਵਿੱਚ ਪਾਣੀ ਬਹੁਤ ਥੋੜਾ ਆ ਰਿਹਾ ਹੈ ਅਤੇ ਨਹਿਰ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਬਿਨਾਂ ਦੇਰੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਖਤਰੇ ਵਾਲੀ ਕੋਈ ਗੱਲ ਨਹੀਂ।