ਫਰੀਦਕੋਟ ਮੈਡੀਕਲ ਕਾਲਜ ਨੂੰ ਮਿਲੀਆਂ 50 ਹੋਰ MBBS ਸੀਟਾਂ: ਸਿਹਤ ਸਿੱਖਿਆ ਵਿੱਚ ਵੱਡਾ ਕਦਮ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ MBBS ਸੀਟਾਂ ਨੂੰ 150 ਤੋਂ ਵਧਾ ਕੇ 200 ਕਰਨ ਦੀ ਮਨਜ਼ੂਰੀ ਮਿਲ ਗਈ ਹੈ।
1978 ਵਿੱਚ ਸਿਰਫ 50 ਸੀਟਾਂ ਨਾਲ ਸਥਾਪਿਤ ਇਸ ਕਾਲਜ ਨੇ ਪਿਛਲੇ ਕਈ ਦਹਾਕਿਆਂ ਵਿੱਚ ਲਗਾਤਾਰ ਵਿਸਤਾਰ ਕੀਤਾ ਹੈ। ਸੀਟਾਂ ਦੀ ਗਿਣਤੀ 2013 ਵਿੱਚ 100, 2019 ਵਿੱਚ 125, ਅਤੇ 2023 ਵਿੱਚ 150 ਅਤੇ ਹੁਣ 200 ਤੱਕ ਪਹੁੰਚ ਗਈ ਹੈ।
ਪੋਸਟਗ੍ਰੈਜੂਏਟ ਸਿੱਖਿਆ ਵਿੱਚ ਵੀ ਕਾਫੀ ਵਾਧਾ ਹੋਇਆ ਹੈ 1998-99 ਵਿੱਚ ਨੌਂ MD/MS ਸੀਟਾਂ ਤੋਂ ਵਧ ਕੇ 2025 ਵਿੱਚ 105 ਸੀਟਾਂ ਹੋ ਗਈਆਂ ਹਨ। ਅਗਲੇ ਸੈਸ਼ਨ ਵਿੱਚ 22 ਹੋਰ ਸੀਟਾਂ ਜੋੜੀਆਂ ਜਾਣਗੀਆਂ।
ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਕਾਲਜ ਨੂੰ 50 BDS ਸੀਟਾਂ ਵਾਲੇ ਨਵੇਂ ਡੈਂਟਲ ਕਾਲਜ, ਨਰਸਿੰਗ ਪ੍ਰੋਗਰਾਮਾਂ ਦੇ ਵਿਸਤਾਰ, ਫਿਜ਼ੀਓਥੈਰੇਪੀ ਅਤੇ ਫਾਰਮੇਸੀ ਕਾਲਜਾਂ ਦੀ ਸਥਾਪਨਾ ਅਤੇ ਆਰਮੀ ਦੇ ਵੈਸਟਰਨ ਕਮਾਂਡ ਨਾਲ ਮਿਲ ਕੇ ਅਗਨੀਵੀਰਾਂ ਲਈ ਸਿਖਲਾਈ ਪ੍ਰਦਾਨ ਕਰਨ ਵਾਲੇ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਮੁੜ ਸੁਰਜੀਤੀ ਲਈ ਵੀ ਮਨਜ਼ੂਰੀ ਮਿਲੀ ਹੈ। ਟਰੌਮਾ ਕੇਅਰ, ਪੀਡੀਆਟ੍ਰਿਕਸ ਅਤੇ ਕਾਰਡੀਓਲੋਜੀ ਵਿੱਚ ਨਵੇਂ ਵਿਭਾਗ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਇਹ ਵਿਸਤਾਰ ਪੰਜਾਬ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।