ਫ਼ਰੀਦਕੋਟ: ਸਦੀਆਂ ਪੁਰਾਣੀਆਂ ਇਮਾਰਤਾਂ ਖੰਡਰ ਹੋਣ ਲੱਗੀਆਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਅਗਸਤ ਨੂੰ ਆਪਣੀ ਫ਼ਰੀਦਕੋਟ ਫੇਰੀ ਦੌਰਾਨ ਇੱਥੋਂ ਦੇ ਇਤਿਹਾਸਿਕ ਕਿਲਾ ਮੁਬਾਰਕ ਵਿੱਚ ਜਾ ਸਕਦੇ ਹਨ। ਪਿਛਲੇ ਸਾਲ ਵੀ ਉਨ੍ਹਾਂ ਨੇ 15 ਅਗਸਤ ਨੂੰ ਫ਼ਰੀਦਕੋਟ ਆਉਣਾ ਸੀ ਅਤੇ ਕਿਲੇ ਵਿੱਚ ਉਨ੍ਹਾਂ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਹੋ ਗਈਆਂ ਸਨ ਪਰੰਤੂ ਐਨ ਸਮੇਂ ’ਤੇ ਸਮਾਗਮ ਰੱਦ ਹੋਣ ਕਾਰਨ ਉਹ ਇੱਥੇ ਨਹੀਂ ਆ ਸਕੇ। ਫ਼ਰੀਦਕੋਟ ਰਿਆਸਤ ਦੇ ਪਰਿਵਾਰਕ ਮੈਂਬਰਾਂ ਵਿੱਚ ਜਾਇਦਾਦ ਨੂੰ ਲੈ ਕੇ ਪੈਦਾ ਹੋਏ ਝਗੜੇ ਤੋਂ ਬਾਅਦ ਫ਼ਰੀਦਕੋਟ ਵਿੱਚ ਇਤਿਹਾਸਿਕ ਕਿਲਾ ਮੁਬਾਰਕ, ਰਾਜ ਮਹਿਲ ਅਤੇ ਅੱਧੀ ਦਰਜਨ ਹੋਰ ਇਮਾਰਤਾਂ ਖੰਡਰ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਵਾਲੇ ਮਹਾਂਰਾਵਲ ਖੇਵਾ ਜੀ ਟਰੱਸਟ ਨੂੰ ਸੁਪਰੀਮ ਕੋਰਟ ਭੰਗ ਕਰ ਚੁੱਕੀ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਫਰੀਦਕੋਟ ਰਿਆਸਤ ਦੀਆਂ ਇਨ੍ਹਾਂ ਇਤਿਹਾਸਿਕ ਇਮਾਰਤਾਂ ਨੂੰ ਸਰਕਾਰ ਆਪਣੇ ਕਬਜ਼ੇ ਵਿੱਚ ਲਵੇ। ਵਿਧਾਇਕ ਨੇ ਆਪਣੇ ਪੱਤਰ ਵਿੱਚ ਮੰਗ ਕੀਤੀ ਸੀ ਕਿ ਇਨ੍ਹਾਂ ਇਤਿਹਾਸਿਕ ਥਾਵਾਂ ਦੀ ਸਾਂਭ ਸੰਭਾਲ ਕਰਕੇ ਇਨ੍ਹਾਂ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾਵੇ। ਬਾਰ੍ਹਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੀ ਚਰਨ ਛੋਹ ਇਮਾਰਤ ਵੀ ਇਸ ਕਿਲੇ ਦੇ ਅੰਦਰ ਹੈ ਜਿਸ ਨੂੰ ਟਰੱਸਟ ਨੇ ਅਜੇ ਤੱਕ ਸਾਂਭ ਕੇ ਰੱਖਿਆ ਹੋਇਆ ਹੈ। ਪੰਜਾਬ ਸਰਕਾਰ ਨੇ ਇੱਕ ਸਾਲ ਪਹਿਲਾਂ ਫਰੀਦਕੋਟ ਦੇ ਕਿਲ੍ਹਾ ਮੁਬਾਰਕ ਅਤੇ ਰਾਜ ਮਹਿਲ ਨੂੰ ਸਰਕਾਰ ਅਧੀਨ ਲੈ ਕੇ ਇਸ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਲਈ ਹਾਮੀ ਭਰੀ ਸੀ। ਫਰੀਦਕੋਟ ਦੇ ਵਿਧਾਇਕ ਗਰਦਿਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦਕੋਟ ਦਾ ਕਿਲਾ ਮੁਬਾਰਕ, ਫਰੀਦਕੋਟ ਸਿੱਖ ਰਿਆਸਤ ਦੀ ਸਭ ਤੋਂ ਅਦਭੁੁੱਤ ਇਮਾਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਲਾ ਮੁਬਾਰਕ ਅਤੇ ਰਾਜ ਮਹਿਲ ਪੰਜਾਬ ਸਰਕਾਰ ਅਧੀਨ ਆਉਣ ਤੋਂ ਬਾਅਦ ਸੈਰ ਸਪਾਟੇ ਵਜੋਂ ਵਿਕਸਿਤ ਹੁੰਦਾ ਹੈ ਤਾਂ ਇਸ ਨਾਲ ਫਰੀਦਕੋਟ ਦੀ ਨੁਹਾਰ ਬਦਲ ਜਾਵੇਗੀ ਅਤੇ ਇਸ ਇਲਾਕੇ ਨੂੰ ਵੱਡਾ ਰੁਜ਼ਗਾਰ ਮਿਲੇਗਾ। ਅੱਜ-ਕੱਲ੍ਹ ਫ਼ਰੀਦਕੋਟ ਦੀਆਂ ਇਹ ਇਤਿਹਾਸਿਕ ਥਾਵਾਂ ਆਮ ਲੋਕਾਂ ਲਈ ਬੰਦ ਹਨ ਅਤੇ ਇੱਥੇ ਕੋਈ ਵੀ ਇਸ ਨੂੰ ਦੇਖਣ ਲਈ ਨਹੀਂ ਆ ਸਕਦਾ।
ਪਿਛਲੇ ਸਾਲ ਕਿਸਾਨਾਂ ਦੇ ਵਿਰੋਧ ਕਾਰਨ ਰੱਦ ਹੋ ਗਿਆ ਸੀ ਮੁੱਖ ਮੰਤਰੀ ਦਾ ਦੌਰਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਸਾਲ ਵੀ ਫਰੀਦਕੋਟ ਵਿੱਚ ਸੁਤੰਤਰਤਾ ਦਿਵਸ ’ਤੇ ਝੰਡਾ ਲਹਿਰਾਉਣਾ ਸੀ ਪ੍ਰੰਤੂ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਆਪਣੀ ਫੇਰੀ ਐਨ ਸਮੇਂ ’ਤੇ ਰੱਦ ਕਰਨੀ ਪਈ ਸੀ ਇਸ ਤੋਂ ਇਲਾਵਾ ਜਿਸ ਥਾਂ ਤੇ ਮੁੱਖ ਮੰਤਰੀ ਨੇ ਭਾਸ਼ਣ ਦੇਣਾ ਸੀ ਉੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਵੀ ਲਿਖੇ ਗਏ ਸਨ। ਪਿਛਲੇ ਸਾਲ ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਵੱਡਾ ਉਤਸ਼ਾਹ ਸੀ ਅਤੇ ਉਨ੍ਹਾਂ ਨੇ ਸਵਾਗਤ ਲਈ ਲੱਖਾਂ ਰੁਪਏ ਦੇ ਸ਼ਹਿਰ ਵਿੱਚ ਬੋਰਡ ਅਤੇ ਬੈਨਰ ਆਏ ਸਨ ਪ੍ਰੰਤੂ ਮੁੱਖ ਮੰਤਰੀ ਇੱਥੇ ਨਹੀਂ ਪਹੁੰਚ ਸਕੇ।