ਅਦਬੀ ਸ਼ਖ਼ਸੀਅਤ ਵਾਸੂਦੇਵ ਸ਼ਰਮਾ ਨਾਲ ਰੂ ਬ ਰੂ
ਦੀਪਕ ਜੈਤੋਈ ਮੰਚ ਨੇ ਸਾਹਿਤਕ ਸਮਾਗਮ ਕਰਵਾਇਆ
Advertisement
ਦੀਪਕ ਜੈਤੋਈ ਮੰਚ ਜੈਤੋ ਵੱਲੋਂ ਇੱਥੇ ਪੈਨਸ਼ਨਰਜ਼ ਭਵਨ ਵਿੱਚ ਉੱਘੇ ਚਿੰਤਕ ਅਤੇ ਸਮਾਜ ਸੇਵੀ ਵਾਸੂਦੇਵ ਸ਼ਰਮਾ ਨੂੰ ਹਾਜ਼ਰੀਨ ਦੇ ਰੂ ਬ ਰੂ ਕੀਤਾ ਗਿਆ। ਸ੍ਰੀ ਸ਼ਰਮਾ ਨੇ ਕਿਹਾ ਕਿ ਕਿਤਾਬਾਂ ਸਮਾਜ ਨੂੰ ਬਦਲਣ ਅਤੇ ਸੋਹਣਾ ਬਣਾਉਣ ਦੀ ਤਾਕਤ ਰੱਖਦੀਆਂ ਹਨ। ਇਤਿਹਾਸ ਅੰਦਰ ਦੇਖੀਏ ਤਾਂ ਸਾਹਿਤ ਕ੍ਰਾਂਤੀਆਂ ਦਾ ਸਿਰਜਕ ਬਣਿਆ ਹੈ। ਉਨ੍ਹਾਂ ਨਵੀਂ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਦੇ ਉਪਰਾਲੇ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਤਾਬਾਂ ਦਾ ਕੋਈ ਬਦਲ ਨਹੀਂ ਹੈ।ਸਮਾਗਮ ਦਾ ਆਰੰਭ ’ਚ ਮੇਜ਼ਬਾਨ ਮੰਚ ਦੇ ਜਨਰਲ ਸਕੱਤਰ ਸੁੰਦਰ ਸਿੰਘ ਬਾਜਾਖਾਨਾ ਨੇ ਵਾਸੂਦੇਵ ਸ਼ਰਮਾ ਦਾ ਰਸਮੀ ਤੁਆਰਫ਼ ਕਰਵਾਉਂਦਿਆਂ ਉਨ੍ਹਾਂ ਵੱਲੋਂ ਸਮਾਜ ਸੇਵਾ ਅਤੇ ਸਿੱਖਿਆ ਦੇ ਪਾਸਾਰ ਹਿਤ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ।
ਸਮਾਗਮ ਦੇ ਦੂਜੇ ਪੜਾਅ ਦੌਰਾਨ ਰਚਨਾਵਾਂ ਦੇ ਦੌਰ ਵਿੱਚ ਮਲਕੀਤ ਕਿੱਟੀ, ਰਾਜਿੰਦਰ ਕੁਮਾਰ, ਅੰਗਰੇਜ਼ ਸਿੰਘ, ਬਲਦੇਵ ਕ੍ਰਿਸ਼ਨ, ਮਦਨ ਲਾਲ, ਮੇਲਾ ਰਾਮ, ਹਰਮੇਲ ਪਰੀਤ ਅਤੇ ਈਸ਼ਰ ਸਿੰਘ ਲੰਭਵਾਲੀ ਨੇ ਕਾਵਿ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਗਾਇਕ ਨਿਰਮਲ ਨਿਮਾਣਾ ਨੇ ਉਸਤਾਦ ਦੀਪਕ ਜੈਤੋਈ ਅਤੇ ਸਾਧੂ ਰਾਮ ਸ਼ਰਮਾ ਦੇ ਕਲਾਮਾਂ ਦਾ ਗਾਇਣ ਕੀਤਾ। ਗੁਰਮੇਲ ਸਿੰਘ ਬਰਗਾੜੀ ਤੇ ਸੁੰਦਰਪਾਲ ਸਿੰਘ ਝੱਖੜਵਾਲਾ ਨੇ ਆਪਣੇ ਵਿਚਾਰ ਸਾਂਝੇ ਕੀਤੇ।
Advertisement
ਅੰਤ ਵਿੱਚ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਸਮਾਗਮ ’ਚ ਪੁੱਜੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮੰਚ ਦੀਆਂ ਗਤੀਵਿਧੀਆਂ ਬਾਬਤ ਦੱਸਿਆ। ਮੰਚ ਸੰਚਾਲਨ ਹਰਮੇਲ ਪ੍ਰੀਤ ਨੇ ਕੀਤਾ। ਇਸ ਮੌਕੇ ਮੰਚ ਵੱਲੋਂ ਵਾਸਦੇਵ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਦਰਸ਼ਨ ਸਿੰਘ ਬਰਾੜ, ਈਸ਼ਰ ਸਿੰਘ ਲੰਭਵਾਲੀ ਅਤੇ ਵਾਸੂਦੇਵ ਸ਼ਰਮਾ ਸੁਸ਼ੋਭਿਤ ਹੋਏ।
Advertisement
