ਮਹਿੰਗੀ ਸਬਜ਼ੀ: ਸਾਬਕਾ ਐੱਮ ਸੀ ਸਾਥੀਆਂ ਸਣੇ ਤਾਲਾ ਲੈ ਕੇ ਮੰਡੀ ਪੁੱਜੇ
ਆੜ੍ਹਤੀ ਐਸੋਸੀਏਸ਼ਨ ਦੇ ਸਰਪਰਸਤ ਮਹਿੰਦਰ ਕੁਮਾਰ ਨੇ ਇਸ ਮਾਮਲੇ ’ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਬਜ਼ੀ ਮੰਡੀ ਦੇ ਆੜ੍ਹਤੀ ਮਾਰਕੀਟ ਫੀਸ ਅਦਾ ਕਰਦੇ ਹਨ ਅਤੇ ਨਿਯਮ ਅਨੁਸਾਰ ਬਣਦਾ ਆਪਣਾ ਕਮਿਸ਼ਨ ਲੈਂਦੇ ਹਨ, ਇਸ ਲਈ ਰਿਟੇਲ ਮਾਰਕੀਟ ਵਿੱਚ ਫੜੀਆਂ ਤੇ ਰੇਹੜੀਆਂ ’ਤੇ ਸਬਜ਼ੀ ਮਹਿੰਗੀ ਵਿਕਣ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਮੰਡੀ ਦੀ ਨਿਯਮਿਤ ਮਾਰਕੀਟ ਕਮੇਟੀ ਵੱਲੋਂ ਰੋਜ਼ਾਨਾ ਮੋਨੀਟਰਿੰਗ ਕੀਤੀ ਜਾਂਦੀ ਹੈ ਅਤੇ ਰੋਜ਼ਾਨਾ ਦੇ ਰੇਟ ਬਠਿੰਡਾ ਸਬਜ਼ੀ ਮੰਡੀ ਦੇ ਅਧਿਕਾਰਕ ਫੇਸਬੁੱਕ ਪੇਜ ’ਤੇ ਅਪਲੋਡ ਕੀਤੇ ਜਾਂਦੇ ਹਨ। ਉਨ੍ਹਾਂ ਅਨੁਸਾਰ ਸਬਜ਼ੀਆਂ ਦੇ ਰੇਟ ਕੁਆਲਿਟੀ, ਮੰਗ ਅਤੇ ਸਪਲਾਈ ਦੇ ਆਧਾਰ ’ਤੇ ਹਰ ਰੋਜ਼ ਬਦਲਦੇ ਹਨ, ਜਿਸ ਕਾਰਨ ਰਿਟੇਲ ਤੇ ਹੋਲਸੇਲ ਵਿੱਚ ਫ਼ਰਕ ਰਹਿੰਦਾ ਹੈ।
ਇਸ ਦੌਰਾਨ ਲਗਪਗ ਹਫ਼ਤੇ ਤੋਂ ਲਗਾਤਾਰ ਮਹਿੰਗੀ ਸਬਜ਼ੀ ਦਾ ਮੁੱਦਾ ਚੁੱਕ ਰਹੇ ਸਾਬਕਾ ਐੱਮ ਸੀ ਵਿਜੇ ਕੁਮਾਰ ਨੇ ਦੋਸ਼ ਲਗਾਇਆ ਕਿ ਸਬਜ਼ੀ ਮੰਡੀ ਦੇ ਕਈ ਆੜ੍ਹਤੀਆਂ ਦੀਆਂ ਆਪਣੀਆਂ ਹੀ ਫੜੀਆਂ ਤੇ ਦੁਕਾਨਾਂ ਹਨ, ਜਿੱਥੇ ਉਹ ਮਹਿੰਗੇ ਭਾਅ ’ਤੇ ਸਬਜ਼ੀ ਵੇਚ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਧਨੀਆ 400 ਰੁਪਏ ਪ੍ਰਤੀ ਕਿਲੋ ਤੇ ਗੋਭੀ ਦੀਵਾਲੀ ਮੌਕੇ 200 ਰੁਪਏ ਪ੍ਰਤੀ ਕਿਲੋ ਤੱਕ ਵਿਕ ਚੁੱਕੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜੇ ਕਿਸਾਨਾਂ ਨੂੰ ਉਚਿਤ ਰੇਟ ਨਹੀਂ ਮਿਲ ਰਹੇ ਤਾਂ ਰਿਟੇਲ ਵਿਕਰੇਤਾ ਦੁੱਗਣੇ ਭਾਅ ’ਤੇ ਸਬਜ਼ੀ ਕਿਉਂ ਵੇਚ ਰਹੇ ਹਨ? ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਬਜ਼ੀ ਦੇ ਰੇਟਾਂ ’ਤੇ ਤੁਰੰਤ ਕੰਟਰੋਲ ਨਾ ਕੀਤਾ ਗਿਆ ਤਾਂ ਉਹ ਡੀ ਸੀ ਨੂੰ ਮੰਗ ਪੱਤਰ ਦੇ ਕੇ ਵਿਰੋਧ ਤਿੱਖਾ ਕਰਨਗੇ।
ਇਸ ਮੌਕੇ ਪੁਲੀਸ ਨੇ ਵੀ ਸਾਰੇ ਘਟਨਾਕ੍ਰਮ ’ਤੇ ਨਜ਼ਰ ਬਣਾ ਕੇ ਰੱਖੀ। ਦੂਜੇ ਪਾਸੇ, ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਤੋਂ ਘੱਟ ਰੇਟ ’ਤੇ ਸਬਜ਼ੀਆਂ ਖਰੀਦ ਕੇ ਰਿਟੇਲ ਮਾਰਕੀਟ ਵਿੱਚ 100 ਤੋਂ 120 ਰੁਪਏ ਪ੍ਰਤੀ ਕਿਲੋ ਤੱਕ ਦੇ ਰੇਟ ਲਗਾ ਕੇ ਗਾਹਕਾਂ ਨੂੰ ਮਹਿੰਗੀ ਸਬਜ਼ੀ ਵੇਚੀ ਜਾ ਰਹੀ ਹੈ।
