ਰੰਗਕਰਮੀ ਟੋਨੀ ਬਾਤਿਸ਼ ਦੀ ਯਾਦ ’ਚ ਸਮਾਗਮ
ਸਾਹਿਤ ਅਕਾਦਮੀ ਦਿੱਲੀ ਵੱਲੋਂ ਇੱਥੇ ਟੀਚਰਜ਼ ਹੋਮ ਵਿੱਚ ਪ੍ਰਸਿੱਧ ਰੰਗਕਰਮੀ ਮਰਹੂਮ ਟੋਨੀ ਬਾਤਿਸ਼ ਦੀ ਯਾਦ ’ਚ ‘ਟੋਨੀ ਬਾਤਿਸ਼: ਜੀਵਨ ਅਤੇ ਰਚਨਾ’ ਬਾਰੇ ਸਾਹਿਤਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਗਾਇਕ ਰਾਜਵੀਰ ਜਵੰਦਾ ਅਤੇ ਰੰਗਕਰਮੀ ਹਰਦੀਪ ਮਹਿਣਾ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਡਾ. ਕੁਲਦੀਪ ਦੀਪ ਨੇ ਟੋਨੀ ਬਾਤਿਸ਼ ਦੇ ਛੇ ਨਾਟਕਾਂ ਨੂੰ ਆਧਾਰ ਬਣਾ ਕੇ ਵਿਸਥਾਰ ਪੂਰਵਕ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਟੋਨੀ ਨੇ ਮੂਕ ਨਾਟਕਾਂ ਦਾ ਵੀ ਮੰਚਨ ਕੀਤਾ ਅਤੇ ਮੂਕ ਨਾਟਕ ਦੂਜੇ ਨਾਟਕਾਂ ਦੇ ਮੁਕਾਬਲੇ ਵੱਧ ਸ਼ਕਤੀਸ਼ਾਲੀ ਹੁੰਦੇ ਹਨ। ਦਮਜੀਤ ‘ਦਰਸ਼ਨ’ ਨੇ ਟੋਨੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਨ ਤੋਂ ਇਲਾਵਾ ਟੋਨੀ ਦਾ ਕਾਵਿਕ ਸ਼ਬਦ ਚਿੱਤਰ ਵੀ ਪੇਸ਼ ਕੀਤਾ। ਭੁਪਿੰਦਰ ਮਾਨ ਨੇ ਟੋਨੀ ਵੱਲੋਂ ਉਸਾਰੇ ਰੰਗਮੰਚ ਨੂੰ ਮੁੜ ਤੋਂ ਤਾਕਤਵਰ ਬਣਾਉਣ ’ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਇਕਬਾਲ ਸਿੰਘ (ਬਬਲੀ ਢਿੱਲੋਂ) ਨੇ ਟੋਨੀ ਬਾਤਿਸ਼ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਸ ਦੀ ਯਾਦ ਤਾਜ਼ਾ ਰੱਖਣ ਦੀ ਵਕਾਲਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਨਾਟਕ ਦੇ ਬਾਬਾ ਬੋਹੜ ਡਾ. ਸਤੀਸ਼ ਵਰਮਾ ਨੇ ਟੋਨੀ ਬਾਤਿਸ਼ ਵੱਲੋਂ ਉਨ੍ਹਾਂ ਨੂੰ ਲਿਖੀਆਂ ਚਿੱਠੀਆਂ ਦਾ ਭੰਡਾਰ ਆਪਣੇ ਕੋਲ ਹੋਣ ਬਾਰੇ ਖੁਲਾਸਾ ਕੀਤਾ। ਸਾਹਿਤਕਾਰ ਜਸਪਾਲ ਮਾਨਖੇੜਾ, ਸੁਰਿੰਦਰਪ੍ਰੀਤ ਘਣੀਆਂ, ਬੰਟੀ ਅਗਨੀਹੋਤਰੀ ਅਤੇ ਵਿਕਾਸ ਕੌਂਸਲ ਨੇ ਵੀ ਬਾਤਿਸ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਟੀਚਰਜ਼ ਹੋਮ ਟਰੱਸਟ ਦੇ ਸਕੱਤਰ ਲਛਮਣ ਮਲੂਕਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਡਾ. ਸਤੀਸ਼ ਵਰਮਾ, ਇਕਬਾਲ ਸਿੰਘ ਬਬਲੀ ਢਿੱਲੋਂ, ਡਾ. ਕੁਲਦੀਪ ਸਿੰਘ ਦੀਪ ਅਤੇ ਟੋਨੀ ਬਾਤਿਸ਼ ਦੇ ਵੱਡੇ ਭਰਾ ਰਾਜ ਕੁਮਾਰ ਬਾਤਿਸ਼ ਸ਼ਾਮਲ ਸਨ।