ਮਾਹੂਆਣਾ ’ਚ ਗੁਆਂਢੀ ਦੇ ਮਕਾਨ ’ਤੇ ਕਬਜ਼ਾ
ਪਿੰਡ ਮਾਹੂਆਣਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗੁਆਂਢੀਆਂ ਨੇ ਨਾ ਸਿਰਫ਼ ਸਾਂਝੀ ਕੰਧ ਭੰਨ੍ਹ ਕੇ ਮਕਾਨ ’ਤੇ ਕਬਜ਼ਾ ਕਰ ਲਿਆ, ਸਗੋਂ ਮੁੱਦਾ ਮੁਕਾਉਣ ਲਈ ਮੁੱਖ ਬੂਹਾ ਬੰਦ ਕਰ ਕੇ ਉਸ ਦੀ ਥਾਂ ਕੰਧ ਕਰ ਦਿੱਤੀ। ਮਕਾਨ ਅੰਦਰ ਰੱਖਿਆ ਖੇਤੀਬਾੜੀ ਦਾ ਸਾਰਾ ਸਾਮਾਨ ਅਤੇ ਕਣਕ ਨੂੰ ਗਾਇਬ ਕਰ ਦਿੱਤਾ ਗਿਆ। ਲੰਬੀ ਪੁਲੀਸ ਨੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਪਿਤਾ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮਲਕੀਤ ਸਿੰਘ ਵਾਸੀ ਮਾਹੂਆਣਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸ ਨੇ ਜਨਵਰੀ 2025 ਵਿੱਚ ਇਹ ਮਕਾਨ 11.55 ਲੱਖ ਰੁਪਏ ਵਿੱਚ ਮਹਿੰਦਰ ਸਿੰਘ ਵਾਸੀ ਮਾਹੂਆਣਾ (ਹਾਲ ਵਾਸੀ ਬਠਿੰਡਾ ਸ਼ਹਿਰ) ਤੋਂ ਖਰੀਦਿਆ ਸੀ। ਇਹ ਮਕਾਨ ਲਾਲ ਲਕੀਰ ਜਾਇਦਾਦਾਂ ਬਾਰੇ ਸਰਕਾਰੀ ਸਰਵੇ ਵਿੱਚ ਵੀ ਮਹਿੰਦਰ ਸਿੰਘ ਦੇ ਨਾਂਅ ਬੋਲਦਾ ਹੈ। ਮਕਾਨ ਦਾ ਕਬਜ਼ਾ ਵੀ ਉਸ ਨੂੰ ਮਿਲ ਚੁੱਕਾ ਸੀ ਅਤੇ ਉਹ ਇਸ ਨੂੰ ਖੇਤੀਬਾੜੀ ਦੇ ਸੰਦਾਂ ਅਤੇ ਫਸਲ ਦੀ ਸੰਭਾਲ ਲਈ ਵਰਤਦਾ ਸੀ।ਮਲਕੀਤ ਸਿੰਘ ਦੇ ਮੁਤਾਬਕ, ਉਹ 21 ਸਤੰਬਰ ਨੂੰ ਸਵੇਰੇ ਜਦੋਂ ਉਹ ਮਕਾਨ ’ਤੇ ਪਹੁੰਚਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ। ਉਥੇ ਮਕਾਨ ਦੇ ਮੁੱਖ ਦਰਵਾਜ਼ੇ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਦਰਵਾਜ਼ੇ ਦੀ ਥਾਂ ਕੰਧ ਖੜ੍ਹਾ ਕੀਤੀ ਹੋਈ ਸੀ, ਜਿਸ ’ਤੇ ਪਲਸਤਰ ਕੀਤਾ ਗਿਆ ਸੀ ਅਤੇ ਮੂਹਰੇ ਇੱਕ ਹਲ ਰੱਖਿਆ ਪਿਆ ਸੀ। ਉਸ ਨੇ ਦੱਸਿਆ ਕਿ ਥੋੜ੍ਹਾ ਇੱਧਰੋਂ-ਉੱਧਰੋਂ ਵੇਖਣ ‘’ਤੇ ਖੁਲਾਸਾ ਹੋਇਆ ਕਿ ਮਕਾਨ ਦੀ ਅੰਦਰਲੀ ਸਾਂਝੀ ਕੰਧ ਢਾਹ ਦਿੱਤੀ ਗਈ ਸੀ ਅਤੇ ਮਕਾਨ ਗੁਆਂਢੀ ਸੁਖਪਾਲ ਸਿੰਘ ਪੁੱਤਰ ਜੰਗੀਰ ਸਿੰਘ ਦੇ ਘਰ ਨਾਲ ਰਲਾ ਦਿੱਤਾ ਗਿਆ ਸੀ। ਦੋਸ਼ਾਂ ਮੁਤਾਬਕ ਮਕਾਨ ਅੰਦਰ ਖੜ੍ਹੀ ਇੱਕ ਲਾਲ ਰੰਗ ਦੀ ਟਰਾਲੀ, ਤਵੀਆਂ, ਤੂੜੀ ਲਈ ਦੋ ਜਾਲੀਆਂ ਅਤੇ ਲਗਪਗ 20 ਕੁਇੰਟਲ ਕਣਕ ਵੀ ਗਾਇਬ ਸੀ। ਦੱਸਿਆ ਜਾਂਦਾ ਕਿ ਕਬਜ਼ੇਕਾਰੀ ਦੇ ਇਸ ਕਾਰਨਾਮੇ ਨੂੰ ਰਾਤੋ-ਰਾਤ ਅੰਜਾਮ ਦਿੱਤਾ ਗਿਆ। ਮਾਮਲੇ ਵਿਚ ਨਾਮਜ਼ਦ ਸੁਖਪਾਲ ਸਿੰਘ ਮਕਾਨ ਵੇਚਣ ਵਾਲੇ ਮਹਿੰਦਰ ਸਿੰਘ ਦਾ ਭਰਾ ਦੱਸਿਆ ਜਾਂਦਾ ਹੈ। ਥਾਣਾ ਲੰਬੀ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਸਿੰਘ, ਪਰਮਪਾਲ ਸਿੰਘ ਅਤੇ ਉਨ੍ਹਾਂ ਦੇ ਪਿਤਾ ਸੁਖਪਾਲ ਸਿੰਘ ਵਾਸੀ ਮਾਹੂਆਣਾ ਅਤੇ 7-8 ਅਣਪਛਾਤਿਆਂ ਖ਼ਿਲਾਫ ਮੁਕੱਦਮਾ ਦਰਜ ਕੀਤਾ ਹੈ।