ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੇਂਦਰ ਦਾ ਪੁਤਲਾ ਫੂਕਿਆ
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਮੁਲਾਜ਼ਮਾਂ, ਮਜ਼ਦੂਰਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਭਾਈ ਘਨ੍ਹੱਈਆ ਚੌਕ ਵਿੱਚ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਜਥੇਬੰਦੀਆਂ ਦੇ ਆਗੂ ਪ੍ਰੇਮ ਚਾਵਲਾ, ਬਲਕਾਰ ਸਿੰਘ ਸਹੋਤਾ, ਕੁਲਵੰਤ ਸਿੰਘ ਚਾਨੀ, ਹਰਵਿੰਦਰ ਸ਼ਰਮਾ, ਸੋਮ ਨਾਥ ਅਰੋੜਾ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਜਸਵਿੰਦਰ ਸਿੰਘ ਬਰਾੜ, ਰਮੇਸ਼ ਢੈਪਈ, ਨਛੱਤਰ ਸਿੰਘ ਭਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਪਹਿਲਾਂ ਤੋਂ ਲਾਗੂ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਲੇਬਰ ਕੋਡ ਲਾਗੂ ਕਰਨ ਦਾ ਜਾਰੀ ਨੋਟੀਫਿਕੇਸ਼ਨ ਮੰਦਭਾਗਾ ਅਤੇ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਹ ਕੋਡ ਕਾਰਪਰੇਟਾਂ ਦੀ ਸਹਿਮਤੀ ਨਾਲ ਮਜ਼ਦੂਰਾਂ ਨੂੰ ਕਾਨੂੰਨੀ ਤੌਰ ’ਤੇ ਮਿਲੇ ਅਧਿਕਾਰਾਂ ਨੂੰ ਵਾਂਝੇ ਕਰਨ ਦੀ ਸਾਜਿਸ਼ ਹੈ। ਜਥੇਬੰਦੀਆਂ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਆਪਣਾ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸ਼ਿਵ ਨਾਥ ਦਰਦੀ, ਸੁਰਿੰਦਰ ਸਿੰਘ, ਗੁਰਦੀਪ ਭੋਲਾ, ਹਰਨੇਕ ਸਿੰਘ ਕਲੇਰ, ਕੁਲਵਿੰਦਰ ਕੌਰ ਅਤੇ ਦਵਿੰਦਰ ਕੌਰ ਨੇ ਸੰਬੋਧਨ ਕੀਤਾ।
