ਬਿਜਲੀ ਕਾਮਿਆਂ ਨੇ ਐਕਸੀਅਨ ਦੇ ਦਫ਼ਤਰ ਅੱਗੇ ਧਰਨਾ ਦਿੱਤਾ
ਪੀ ਐੱਸ ਈ ਬੀ ਐਂਪਲਾਇਜ਼ ਜੁਆਇੰਟ ਫੋਰਮ ਮੰਡਲ ਗਿੱਦੜਬਾਹਾ ਦੇ ਬਿਜਲੀ ਕਾਮਿਆਂ ਨੇ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਡਿਊਟੀਆਂ ਲਾਉਣ ਖ਼ਿਲਾਫ਼ ਐਕਸੀਅਨ ਪਾਵਰਕੌਮ ਮੰਡਲ ਗਿੱਦੜਬਾਹਾ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਪਾਵਰਕੌਮ ਸਕੱਤਰ ਵੱਲੋਂ ਪੱਤਰ ਰਾਹੀਂ ਬਿਜਲੀ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਬਿਜਲੀ ਬੋਰਡ ਦੇ ਤਕਨੀਕੀ ਕਰਮਚਾਰੀਆਂ ਦੀਆਂ ਡਿਊਟੀਆਂ ਜ਼ਰੂਰੀ ਸਭਾਵਾਂ ਅਧੀਨ ਆਉਂਦੀਆਂ ਹੋਣ ਕਰਕੇ ਕ੍ਰਿਟੀਕਲ ਆਧਾਰ ’ਤੇ ਨਾ ਲਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਅਤੇ ਇਸ ਸਬੰਧੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤੇ ਹੋਏ ਹਨ ਪ੍ਰੰਤੂ ਇਸ ਦੇ ਬਾਵਜੂਦ ਟੈਕਨੀਕਲ ਕਰਮਚਾਰੀਆਂ ਦੀਆਂ ਡਿਊਟੀਆਂ ਪ੍ਰਸ਼ਾਸਨ ਦੇ ਦਬਾਅ ਹੇਠ ਆ ਕੇ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੈਕਨੀਕਲ ਕਰਮਚਾਰੀ ਜਿਥੇ ਆਪਣੇ ਵਿਭਾਗ ਦੀਆਂ ਜੋਖਮ ਭਰੀਆਂ ਡਿਊਟੀਆਂ 24 ਘੰਟੇ ਦੇਣ ਲਈ ਮਜਬੂਰ ਹਨ ਉੱਥੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਡਰਦੇ ਹੋਏ ਪਰਾਲੀ ਸਾੜਨ ਤੋਂ ਰੋਕਣ ਲਈ ਡਿਊਟੀਆਂ ਕਰਨ ਲਈ ਮਜਬੂਰ ਹਨ। ਇਸ ਮੌਕੇ ਕਰਮਚਾਰੀਆਂ ਨੇ ਐਕਸੀਅਨ ਪਾਵਰਕੌਮ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਡਿਊਟੀਆਂ ਨੂੰ ਤੁਰੰਤ ਕਟਵਾਇਆ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਦਲਜੀਤ ਸਿੰਘ ਹਰੀਕੇ ਕਲਾਂ, ਲਖਵਿੰਦਰ ਸਿੰਘ ਪ੍ਰਧਾਨ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।
