ਅੱਗ ਲੱਗਣ ਕਾਰਨ ਇਲੈਕਟ੍ਰਿਕ ਸਕੂਟਰ ਸੜ ਕੇ ਸੁਆਹ
ਇੱਥੇ ਵਾਟਰ ਵਰਕਸ ਨੇੜੇ ਮਾਸਟਰ ਕਲੋਨੀ ਵਿੱਚ ਇੱਕ ਖਾਲੀ ਪਲਾਟ ਵਿੱਚ ਖੜ੍ਹੇ ਇਲੈਕਟ੍ਰਿਕ ਸਕੂਟਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਸਕੂਟਰ ਸੜ ਗਿਆ। ਇਸ ਦੌਰਾਨ ਅੱਗ ’ਤੇ ਕਾਬੂ ਪਾ ਲਿਆ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਲਾਟ ਦੇ ਮਾਲਕ ਗੁਰਪ੍ਰੀਤ ਸਿੰਘ ਗੋਗੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਇੱਕ ਖਾਲੀ ਪਲਾਟ ਹੈ ਜਿੱਥੇ ਉਹ ਆਪਣਾ ਸਕੂਟਰ, ਕਾਰ ਅਤੇ ਹੋਰ ਸਾਮਾਨ ਪਾਰਕ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਲਾਟ ਵਿੱਚ ਖੜ੍ਹੇ ਇਲੈਕਟ੍ਰਿਕ ਸਕੂਟਰ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਵਧ ਗਈ, ਜਿਸ ਨੇ ਸਕੂਟਰ ਦੇ ਨੇੜੇ ਇੱਕ ਸੋਫਾ ਸੈੱਟ ਵੀ ਆਪਣੀ ਲਪੇਟ ਵਿੱਚ ਆ ਗਿਆ। ਉਨ੍ਹਾਂ ਦੱਸਿਆ ਕਿ ਸਕੂਟਰ ਦੀਆਂ ਬੈਟਰੀਆਂ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਦੀ ਮਦਦ ਨਾਲ ਅੱਗ ’ਤੇ ਬਹੁਤ ਮੁਸ਼ਕਲ ਨਾਲ ਕਾਬੂ ਪਾਇਆ ਗਿਆ। ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਪਲਾਟ ਵਿੱਚ ਖੜ੍ਹੀ ਕਾਰ ਦਾ ਵੀ ਅੱਗ ਨਾਲ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਸਕੂਟਰ ਚਾਰਜ ਵੀ ਨਹੀਂ ਹੋ ਰਿਹਾ ਸੀ ਪਰ ਖੜ੍ਹੇ ਸਕੂਟਰ ਨੂੰ ਅੱਗ ਲੱਗ ਗਈ ਜੋ ਕਿ ਚਿੰਤਾ ਦਾ ਵਿਸ਼ਾ ਹੈ।
