ਚੋਣ ਕਮਿਸ਼ਨ ਦੀ ਟੀਮ ਵੱਲੋਂ ਬਠਿੰਡਾ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ
ਭਾਰਤੀ ਚੋਣ ਕਮਿਸ਼ਨ ਦੀ ਪੰਜ ਮੈਂਬਰੀ ਟੀਮ, ਅੰਡਰ ਸੈਕਟਰੀ ਵਿਬੋਰ ਅਗਰਵਾਲ ਦੀ ਅਗਵਾਈ ਹੇਠ ਅੱਜ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਟੀਮ ਨੇ ਵਿਧਾਨ ਸਭਾ ਹਲਕੇ 90-ਰਾਮਪੁਰਾ ਫੂਲ, 91-ਭੁੱਚੋਂ ਮੰਡੀ ਅਤੇ 92-ਬਠਿੰਡਾ ਸ਼ਹਿਰੀ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰ ਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ। ਟੀਮ ਨੇ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਅਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀਆਂ ਹਦਾਇਤਾਂ ਦੇਣ ਦੇ ਨਾਲ ਹੀ ਪੋਲਿੰਗ ਸਟੇਸ਼ਨਾਂ ’ਤੇ ਉਪਲਬਧ ਮੁੱਢਲੀਆਂ ਸਹੂਲਤਾਂ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ।
ਇਸ ਤੋਂ ਪਹਿਲਾਂ ਟੀਮ ਵੱਲੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਵੋਟਰ ਸੂਚੀ ਦੀ ਸੁਧਾਈ, ਬੀਐੱਲਓਜ਼ ਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਅਤੇ ਡਿਊਟੀਆਂ, ਸੰਵਿਧਾਨ ਵਿੱਚ ਚੋਣਾਂ ਸਬੰਧੀ ਧਾਰਾਵਾਂ ਅਤੇ ਵੋਟਰ ਸੂਚੀ ਨਾਲ ਜੁੜੇ ਨਿਯਮਾਂ ‘ਤੇ ਵਿਸਥਾਰ ਪੂਰਵਕ ਚਰਚਾ ਹੋਈ।
ਉਪਰੰਤ, ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਬੀਐੱਲਓਜ਼ ਅਤੇ ਸੁਪਰਵਾਈਜ਼ਰੀ ਅਫ਼ਸਰਾਂ ਲਈ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਇਸ ਵਿੱਚ ਸੰਵਿਧਾਨ ਦੀਆਂ ਚੋਣਾਂ ਨਾਲ ਜੁੜੀਆਂ ਧਾਰਾਵਾਂ, ਬੀਐੱਲਓ ਐਪ ਦੀ ਵਰਤੋਂ, ਡੋਰ-ਟੂ-ਡੋਰ ਸਰਵੇ, ਫਾਰਮ ਨੰਬਰ 6, 6-ਏ, 7 ਅਤੇ 8 ਦੀ ਪ੍ਰਕਿਰਿਆ ਅਤੇ ਫੀਲਡ ਵੈਰੀਫਿਕੇਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਬੀਐੱਲਓਜ਼ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਫੀਲਡ ਵੈਰੀਫਿਕੇਸ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ, ਜਿਨ੍ਹਾਂ ਦੇ ਹੱਲ ਟੀਮ ਨੇ ਮੌਕੇ ’ਤੇ ਹੀ ਕਰ ਕੇ ਦਿੱਤੇ। ਟੀਮ ਨੇ ਸੁਝਾਅ ਦਿੱਤਾ ਕਿ ਬੀਐੱਲਓਜ਼ ਵੋਟਰ ਸੂਚੀ ਦੀ ਸੁਧਾਈ ਤੇ ਫਾਰਮਾਂ ਦੀ ਜਾਂਚ ਲਈ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਬੂਥ ਲੈਵਲ ਏਜੈਂਟਾਂ ਨਾਲ ਤਾਲਮੇਲ ਕਰਕੇ ਕੰਮ ਕਰਨ।
ਇਸ ਮੌਕੇ ਤਹਿਸੀਲਦਾਰ ਹਰਜਿੰਦਰ ਕੌਰ, ਬੀਐੱਲਓਜ਼ ਅਤੇ ਸੁਪਰਵਾਈਜ਼ਰ ਹਾਜ਼ਰ ਸਨ।