ਗਾਲ੍ਹਾਂ ਕੱਢਣ ਤੋਂ ਰੋਕਣ ਉੱਤੇ ਬਜ਼ੁਰਗ ’ਤੇ ਕਹੀ ਨਾਲ ਹਮਲਾ
ਪਿੰਡ ਜਲਾਲਆਣਾ ਵਿੱਚ ਸ਼ਰਾਬੀ ਵਿਅਕਤੀ ਨੂੰ ਗਾਲ੍ਹਾਂ ਕੱਢਣ ਤੋਂ ਰੋਕਣ ’ਤੇ ਉਸ ਨੇ ਬਜ਼ੁਰਗ ’ਤੇ ਕਹੀ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਦਿੱਤਾ। ਇਸ ਹਮਲੇ ਵਿੱਚ ਬਜ਼ੁਰਗ ਵਿਅਕਤੀ ਦੇ ਸਿਰ, ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਗੁਰਮੇਲ ਸਿੰਘ ਦੇ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਜਲਾਲਆਣਾ ਵਾਸੀ ਮੁਲਜ਼ਮ ਵਜ਼ੀਰ ਸਿੰਘ ਵਿਰੁੱਧ ਧਮਕੀਆਂ ਦੇਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਤੋਂ ਹਮਲੇ ਵਿੱਚ ਵਰਤੀ ਗਈ ਕਹੀ ਵੀ ਬਰਾਮਦ ਕਰ ਲਈ ਹੈ। ਜ਼ਖਮੀ ਗੁਰਮੇਲ ਸਿੰਘ ਨੇ ਦੱਸਿਆ ਕਿ 21 ਅਕਤੂਬਰ ਦੀ ਰਾਤ ਨੂੰ ਉਹ ਘਰ ਵਿੱਚ ਸੁੱਤਾ ਪਿਆ ਸੀ। ਅੱਧੀ ਰਾਤ ਨੂੰ ਉਸੇ ਪਿੰਡ ਦਾ ਰਹਿਣ ਵਾਲਾ ਵਜ਼ੀਰ ਸਿੰਘ ਸ਼ਰਾਬ ਪੀ ਕੇ ਉਸ ਦੇ ਭਰਾ ਮਲਕੀਤ ਸਿੰਘ ਦੇ ਘਰ ਆਇਆ ਅਤੇ ਉਸ ਦੇ ਭਰਾ ਨਾਲ ਦੁਰਵਿਹਾਰ ਕਰਨ ਲੱਗ ਪਿਆ। ਜਦੋਂ ਉਹ ਬਾਹਰ ਆਇਆ ਅਤੇ ਵਜ਼ੀਰ ਸਿੰਘ ਨੂੰ ਗਾਲ੍ਹਾਂ ਕੱਢਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਉਸ ’ਤ ਕਹੀ ਨਾਲ ਹਮਲਾ ਕਰ ਦਿੱਤਾ। ਵਜ਼ੀਰ ਸਿੰਘ ਨੇ ਉਸ ’ਤੇ ਕਈ ਵਾਰ ਕਹੀ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੇ ਸਿਰ, ਬਾਹਾਂ ਅਤੇ ਹੋਰ ਹਿੱਸਿਆਂ ਵਿੱਚ ਗੰਭੀਰ ਸੱਟਾਂ ਲੱਗੀਆਂ। ਹੰਗਾਮਾ ਸੁਣ ਕੇ ਉਸਦਾ ਪੁੱਤਰ ਕੁਲਦੀਪ ਸਿੰਘ ਮੌਕੇ ’ਤੇ ਪਹੁੰਚ ਗਿਆ। ਮੁਲਜ਼ਮ ਵਜ਼ੀਰ ਸਿੰਘ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਭੱਜ ਗਿਆ।
