ਅੱਠਵੀਂ ਕਲਾਸ ਦੇ ਵਿਦਿਆਰਥੀ ਨੇ ਨਕਾਰਾ ਵਸਤੂਆਂ ਤੋਂ ਬਣਾਇਆ ਰਿਮੋਟ ਫੌਜੀ ਟੈਂਕ
ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀ ਨੇ ਪਲਾਸਟਿਕ ਦੀਆਂ ਨਕਾਰਾ ਬੋਤਲਾਂ ਨਾਲ ਰਿਮੋਟ ’ਤੇ ਚੱਲਣ ਵਾਲਾ ਫ਼ੌਜੀ ਟੈਂਕ ਬਣਾਇਆ। ਸਕੂਲ ਦਾ ਅੱਠਵੀਂ ਕਲਾਸ ਦਾ ਗੁਰਨੂਰ ਸਿੰਘ ਨਾਮੀ ਵਿਦਿਆਰਥੀ ਵਿਗਿਆਨਕ ਸੋਚ ਰੱਖਦਾ ਹੈ ਅਤੇ ਲੰਬੇ ਸਮੇਂ ਤੋਂ ਅਜਿਹੇ ਪ੍ਰੋਜੈਕਟਾਂ ਉੱਤੇ ਕੰਮ ਕਰ ਰਿਹਾ ਹੈ।
ਰਿਮੋਟ ਵਾਲਾ ਫ਼ੌਜੀ ਟੈਂਕ ਉਸਨੇ ਆਪਣੀ ਅਧਿਆਪਕਾਂ ਰੁਪਿੰਦਰ ਕੌਰ ਦੀ ਦੇਖ ਰੇਖ ਹੇਠ ਤਿਆਰ ਕੀਤਾ ਹੈ। ਉਸਦੇ ਇਸ ਪ੍ਰੋਜੈਕਟ ਨੂੰ ਹੁਣ ਸਾਇੰਸ ਪ੍ਰਦਰਸ਼ਨੀ ਵਿੱਚ ਰੱਖਿਆ ਜਾਵੇਗਾ।
ਸ੍ਰੀ ਹੇਮਕੁੰਟ ਸਾਹਿਬ ਸਕੂਲ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਡਾਇਰੈਕਟਰ ਮੈਡਮ ਰਣਜੀਤ ਕੌਰ ਨੇ ਵਿਦਿਆਰਥੀ ਗੁਰਨੂਰ ਸਿੰਘ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਛੋਟੀ ਕਲਾਸ ਦੇ ਇਸ ਵਿਦਿਆਰਥੀ ਨੇ ਵੱਡੀ ਪ੍ਰਾਪਤੀ ਕਰਕੇ ਸੰਸਥਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਦਾ ਅੰਦਰਲਾ ਮਨ ਵਿਗਿਆਨਕ ਸੋਚ ਰੱਖਦਾ ਹੈ ਲੋੜ ਅੰਦਰ ਦੀ ਗੱਲ ਬਾਹਰ ਲਿਆਉਣ ਦੀ ਹੁੰਦੀ ਹੈ। ਸਕੂਲ ਵਲੋਂ ਵਿਦਿਆਰਥੀ ਦਾ ਇਸ ਪ੍ਰਾਪਤੀ ਬਦਲੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।