ਝਗੜੇ ’ਚ ਸ਼ਾਮਲ ਅੱਠ ਮੁਲਜ਼ਮ ਗ੍ਰਿਫ਼ਤਾਰ
ਜੈਤੋ ਪੁਲੀਸ ਵੱਲੋਂ ਬੀਤੇ ਬੁੱਧਵਾਰ ਇੱਥੇ ਸ਼ਹਿਰ ਅੰਦਰ ਹੋਈ ਲੜਾਈ ਦੀ ਵਾਰਦਾਤ ’ਚ ਸ਼ਾਮਲ ਗਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਜੈਤੋ ਮਨੋਜ ਕੁਮਾਰ ਅਤੇ ਐੱਸਐੱਚਓ ਜੈਤੋ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਛੱਜਘਾੜਾ ਮੁਹੱਲੇ ਵਿੱਚ ਛੱਜਘਾੜਾ ਪਰਿਵਾਰਾਂ ਦੇ ਕੁਝ ਵਿਅਕਤੀਆਂ ਨੇ ਇੱਕ-ਦੂਜੇ ਨੂੰ ਮਾਰ ਦੇਣ ਦੀ ਨੀਅਤ ਨਾਲ ਲੜਾਈ ’ਚ ਤੇਜ਼ਧਾਰ ਹਥਿਆਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ, ਜਿਸ ਕਰਕੇ ਕੁੱਝ ਬੰਦਿਆਂ ਦੇ ਕਾਫੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਥਾਣਾ ਜੈਤੋ ਵਿੱਚ ਬੀਐਨਐਸ ਦੀਆਂ ਧਾਰਾਵਾਂ 109 (1), 333,115 (2), 324 (4), 191 (3), 190 ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲੀਸ ਅਧਿਕਾਰੀਆਂ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੋਨੂੰ, ਰਾਹੁਲ, ਜਸ਼ਨ ਉਰਫ਼ ਅਰਮਾਨ (ਵਾਸੀ ਛੱਜਘਾੜਾ ਮੁਹੱਲਾ ਜੈਤੋ), ਜਸ਼ਨਦੀਪ (ਵਾਸੀ ਥਾਂਦੇ ਵਾਲਾ), ਰਘੂ, ਸਾਹਿਲ, ਅਭੈਜੀਤ ਸਿੰਘ (ਵਾਸੀ ਮੁਕਤਸਰ) ਅਤੇ ਜਤਨਪ੍ਰੀਤ ਸਿੰਘ (ਵਾਸੀ ਚੱਕ ਜਾਨੀਸਰ ਜ਼ਿਲ੍ਹਾ ਫ਼ਾਜ਼ਿਲਕਾ) ਵਜੋਂ ਦੱਸੀ। ਉਨ੍ਹਾਂ ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਵੀ ਨਸ਼ੇ ਦੀ ਤਸਕਰੀ, ਲੜਾਈ ਝਗੜੇ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੁੱਲ 7 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਇਨ੍ਹਾਂ ਤੋਂ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ।