ਸਿੱਖਿਆ ਕ੍ਰਾਂਤੀ: ਬ਼ਗੈਰ ਲੈਕਚਰਾਰਾਂ ਤੋਂ ਚੱਲ ਰਿਹੈ ਕਲਾਲ ਮਾਜਰਾ ਸਕੂਲ
ਸੂਬਾ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਬਦਲਾਅ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਕਈ ਸਰਕਾਰੀ ਸਕੂਲਾਂ ’ਚ ਅਧਿਆਪਕਾਂ ’ਚ ਖ਼ਾਲੀ ਅਸਾਮੀਆਂ ਇਸ ਦਾਅਵੇ ਨੂੰ ਝੁਠਲਾਉਂਦੀਆਂ ਹਨ। ਸਾਢੇ ਤਿੰਨ ਵਰ੍ਹਿਆਂ ਬਾਅਦ ਵੀ ਸਕੂਲ ‘ਬਦਲਾਅ’ ਤੋਂ ਵਾਂਝੇ ਹਨ।
ਪਿੰਡ ਕਲਾਲ ਮਾਜਰਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸਮੇਤ ਸਾਰੀਆਂ ਮਨਜ਼ੂਰਸ਼ੁਦਾ ਲੈਕਚਰਾਰ ਦੀਆਂ ਅਸਾਮੀਆਂ ਖਾਲੀ ਹਨ। 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਇੱਕ ਵੀ ਲੈਕਚਰਾਰ ਨਹੀਂ ਹੈ। ਬੱਚਿਆਂ ਨੂੰ ਪੜ੍ਹਾਉਣ ਲਈ ਮਾਸਟਰ ਕਾਡਰ ਦੇ ਅਧਿਆਪਕਾਂ ਨਾਲ ਬੁੱਤਾ ਸਾਰਿਆ ਜਾ ਰਿਹਾ ਹੈ। ਮੌਜੂਦਾ ਸਮੇਂ ਇਸ ਸਕੂਲ ਵਿੱਚ 11ਵੀਂ ਕਲਾਸ ’ਚ 38 ਅਤੇ ਅਤੇ 12ਵੀਂ ਕਲਾਸ ’ਚ 44 ਵਿਦਿਆਰਥੀ ਹਨ ਪਰ ਇਨ੍ਹਾਂ ਨੂੰ ਪੜ੍ਹਾਉਣ ਲਈ ਇੱਕ ਵੀ ਲੈਕਚਰਾਰ ਦੀ ਤਾਇਨਾਤ ਨਹੀਂ ਹੈ। ਸਕੂਲ ਨੂੰ ਲਾਜ਼ਮੀ ਵਿਸ਼ੇ ਪੰਜਾਬੀ ਅਤੇ ਅੰਗਰੇਜ਼ੀ ਸਮੇਤ ਫ਼ਿਜ਼ੀਕਲ ਐਜੂਕੇਸ਼ਨ, ਰਾਜਨੀਤੀ ਸ਼ਾਸਤਰ ਦੇ ਲੈਕਚਰਾਰਾਂ ਦੀ ਲੋੜ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ’ਤੇ ਸਿੱਧਾ ਅਸਰ ਪੈ ਰਿਹਾ ਹੈ। ਲੈਕਚਰਾਰਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ 11ਵੀਂ ਅਤੇ 12ਵੀਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਨਹੀਂ ਵਧ ਰਹੀ। ਇਸ ਤੋਂ ਇਲਾਵਾ ਸਕੂਲ ’ਚ ਹਿੰਦੀ ਵਿਸ਼ੇ ਦੇ ਅਧਿਆਪਕ ਦੀ ਅਸਾਮੀ ਵੀ ਖ਼ਾਲੀ ਪਈ ਹੈ।
ਸੱਤਾਧਾਰੀ ਧਿਰ ਦੇ ਆਗੂ ਸਿੱਖਿਆ ਕ੍ਰਾਂਤੀ ਤਹਿਤ ਛੋਟੇ-ਮੋਟੇ ਵਿਕਾਸ ਕੰਮਾਂ ਦੇ ਉਦਘਾਟਨ ਕਰ ਕੇ ਵੱਡੇ ਗੁਣਗਾਨ ਕਰਦੇ ਰਹੇ ਹਨ ਪਰ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਕੋਈ ਯਤਨ ਨਹੀਂ ਹੋ ਰਿਹਾ।
ਸਕੂਲ ਇੰਚਾਰਜ ਹਰਦੀਪ ਕੌਰ ਦਾ ਕਹਿਣਾ ਕਿ ਸਿੱਖਿਆ ਵਿਭਾਗ ਨੂੰ ਕਈ ਵਾਰ ਲਿਖ ਕੇ ਲੈਚਕਰਾਰਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋ ਸਕਿਆ ਹੈ। ਕਾਂਗਰਸ ਦੇ ਬਲਾਕ ਪ੍ਰਧਾਨ ਸ਼ੰਮੀ ਠੁੱਲ੍ਹੀਵਾਲ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਬਗੈਰ ਅਧਿਆਪਕਾਂ ਤੋਂ ਸਕੂਲ ਕਿਸੇ ਕੰਮ ਦੇ ਨਹੀਂ ਹਨ। ਸਰਕਾਰ ਸਿੱਖਿਆ ਕ੍ਰਾਂਤੀ ਦੇ ਡਰਾਮੇ ਕਰਨ ਦੀ ਥਾਂ ਸਮੁੱਚੇ ਸਕੂਲਾਂ ਵਿੱਚ ਖ਼ਾਲੀ ਅਸਾਮੀਆਂ ਨੂੰ ਭਰਨ ਵੱਲ ਧਿਆਨ ਦੇਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ ’ਚ ਕੋਈ ਵਿਘਨ ਨਾ ਪਵੇ।
ਜਲਦ ਅਸਾਮੀਆਂ ਭਰਨ ਦੀ ਉਮੀਦ: ਅਧਿਕਾਰੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਤ ਇੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਦੀਆਂ ਅਰਜ਼ੀਆਂ ਮੰਗੀਆਂ ਗਈਆਂ ਅਤੇ ਕੁਝ ਅਧਿਆਪਕਾਂ ਦੀਆਂ ਬਦਲੀਆਂ ਵੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹੇ ਵਿੱਚ ਲੈਕਚਰਾਰ ਦੀਆਂ ਖਾਲੀ ਅਸਾਮੀਆਂ ਜਲਦ ਭਰਨ ਦੀ ਉਮੀਦ ਹੈ।