‘ਆਪ’ ਦੇ ਸ਼ਾਸਨ ਵਿੱਚ ਆਰਥਿਕਤਾ ਸਥਿਰ ਹੋਈ: ਚੀਮਾ
ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਦੇ 4 ਸਾਲਾ ਕਾਰਜਕਾਲ ਵਿੱਚ ਰਾਜ ਦੀ ਡਿੱਗਦੀ ਆਰਥਿਕਤਾ ਸਥਿਰ ਹੋਈ ਹੈ। ਉਹ ਇੱਥੇ ਚੱਲ ਰਹੀ ਘੋੜ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ਲਈ ਵਿਕਾਸ ਦੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗੀਆਂ ਜਾਣਗੀਆਂ। ਉਨ੍ਹਾਂ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਬਾਰੇ ਆਖਿਆ ਕਿ ਵਿਰੋਧੀ ਧਿਰਾਂ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾ ਕੇ ਵੋਟਾਂ ਹਾਸਲ ਕਰਦੀਆਂ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਅਗਵਾਈ ਵਿੱਚ ਇਹ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਣ ਜਾ ਰਹੀਆਂ ਹਨ। ਰਾਜ ਚੋਣ ਅਫ਼ਸਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਚੋਣਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਗੁੰਡਾ ਅਨਸਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਚੋਣਾਂ ਵਿੱਚ ਵਿਰੋਧੀਆਂ ਨੇ ਹੁੱਲੜਬਾਜ਼ੀ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਉਹ ‘ਆਪ’ ਨੂੰ ਬਦਨਾਮ ਕਰਨ ਲਈ ਝੂਠੇ ਇਲਜਾਮ ਲਗਾ ਰਹੇ ਹਨ। ਉਨ੍ਹਾਂ ਵਿਰੋਧੀਆਂ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਆਪਣੇ ਉਮੀਦਵਾਰਾਂ ਨੂੰ ਜੇਤੂ ਬਣਾ ਕੇ ਲਿਸਟਾਂ ਲਗਾ ਦਿੰਦੇ ਸਨ, ਚੋਣਾਂ ਹੋਣ ਹੀ ਨਹੀਂ ਦਿੰਦੇ ਸਨ, ਪਰ ‘ਆਪ’ ਸਰਕਾਰ ਵਿੱਚ ਅਜਿਹਾ ਨਹੀਂ ਹੋਇਆ ਅਤੇ ਲੋਕਤੰਤਰ ਢੰਗ ਨਾਲ ਆਜ਼ਾਦ ਰੂਪ ਵਿੱਚ ਚੋਣਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੀ ‘ਆਪ’ ਉਮੀਦਵਾਰਾਂ ਦੀ ਹੀ ਜਿੱਤ ਹੋਵੇਗੀ। ਉਹ ਆਪਣੇ ਸਾਢੇ ਚਾਰ ਸਾਲਾਂ ਦੇ ਵਿਕਾਸ ਦੇ ਕੰਮਾਂ ਦੇ ਆਧਾਰ ’ਤੇ ਵੋਟ ਮੰਗਣਗੇ।
ਵਿੱਤ ਮੰਤਰੀ ਸ੍ਰੀ ਚੀਮਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਰੀਬ 4 ਸਾਲਾਂ ਦੇ ਕਾਰਜਕਾਲ ਦੌਰਾਨ ਰਾਜ ਦੀ ਡਿੱਗਦੀ ਆਰਥਿਕਤਾ ਨੂੰ ਸਫ਼ਲਤਾਪੂਰਵਕ ਸਥਿਰ ਕੀਤਾ ਹੈ। ਪਿਛਲੀਆਂ ਸਰਕਾਰਾਂ ’ਤੇ ਵਰ੍ਹਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਘਟੀਆ ਨੀਤੀਆਂ ਅਪਨਾਏ ਜਾਣ ਤੇ ਮਾਲੀਆ ਵਧਾਏ ਜਾਣ ਵੱਲ ਧਿਆਨ ਨਾ ਦੇਣ ਕਰਕੇ ਸੂਬੇ ਦੀ ਕੋਈ ਤਰੱਕੀ ਨਹੀਂ ਹੋਈ ਹੈ। ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਮਾਲੀਏ ਵਿੱਚ ਰਿਕਾਰਡ ਵਾਧਾ ਹੋਇਆ ਹੈ। ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਪੰਜਾਬ ਵਿੱਚ ਹੁਣ ਇੱਕ ਇਮਾਨਦਾਰ ਸਰਕਾਰ ਹੈ। ਇਸ ਮੌਕੇ ‘ਆਪ’ ਕਾਨੂੰਨੀ ਸੈੱਲ ਸੂਬਾਈ ਆਗੂ ਐਡਵੋਕੇਟ ਬਰਿੰਦਰ ਪਾਲ ਸਿੰਘ ਰੱਤੀਆਂ ਤੇ ਹੋਰ ਵੀ ਮੌਜੂਦ ਸਨ।
