ਥਰਮਲ ਕਲੋਨੀ ਵੇਚਣ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
‘ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕੌਮ ਐਂਡ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਪੰਜਾਬ’ ਨੇ ਥਰਮਲ ਕਲੋਨੀ ਦੀ ਜ਼ਮੀਨ ਵੇਚਣ ਵਿਰੁੱਧ ਅੱਜ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਥਰਮਲ ਕਲੋਨੀ ਸਿਵਲ ਮੈਂਟੀਨੈਂਸ ਦੇ ਦਫ਼ਤਰ ਅੱਗੇ ਧਰਨਾ ਦੇਣ ਤੋਂ ਬਾਅਦ ਭਾਈ ਘਨ੍ਹੱਈਆ ਚੌਕ ’ਚ ਸਰਕਾਰ ਦੀ ਅਰਥੀ ਸਾੜੀ। ਕਮੇਟੀ ਦੇ ਆਗੂਆਂ, ਗੁਰਵਿੰਦਰ ਪੰਨੂ, ਰਾਜੇਸ਼ ਮੌੜ ਆਦਿ ਨੇ ਸਰਕਾਰੀ ਤਜਵੀਜ਼ ਦੀ ਵਿਰੋਧਤਾ ਕਰਦਿਆਂ ਇਸ ਕਵਾਇਦ ਖ਼ਿਲਾਫ਼ ਹੋਣ ਵਾਲੇ ਸੰਭਾਵੀ ਪ੍ਰਦਰਸ਼ਨਾਂ ਵਿੱਚ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ‘ਬਿਜਲੀ ਕਾਨੂੰਨ ਸੋਧ ਬਿੱਲ-2025’ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਬਿਜਲੀ ਖੇਤਰ ਦਾ ਨਿੱਜੀਕਰਨ ਕਰਨ ਲਈ ਸਰਕਾਰਾਂ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਜੀਕਰਨ ਦੇ ਇਸ ਤਬਾਹਕੁਨ ਹੱਲੇ ਵਿਰੁੱਧ ਵਿਸ਼ਾਲ ਸੰਘਰਸ਼ ਦੀਆਂ ਜ਼ੋਰਦਾਰ ਤਿਆਰੀਆਂ ਵਿੱਚ ਜੁਟਣ ਦੀ ਲੋੜ ਹੈ। ਉਨ੍ਹਾਂ ਇਹ ਵੀ ਆਖਿਆ ਕਿ ਵੱਖ-ਵੱਖ ਜਥੇਬੰਦੀਆਂ ਵਿੱਚ ਵੰਡੇ ਬਿਜਲੀ ਮੁਲਾਜ਼ਮਾਂ ਅਤੇ ਹੋਰਨਾਂ ਜਥੇਬੰਦੀਆਂ ਨੂੰ ਸਾਂਝੇ ਪਲੈਟਫਾਰਮ ’ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਬਿਜਲੀ ਮੁਲਾਜ਼ਮਾਂ ਲਈ ਇਹੋ ਇੱਕੋ ਇੱਕ ਠੀਕ ਰਾਹ ਹੈ, ਜਿਸ ’ਤੇ ਚੱਲ ਕੇ ਅਸੀਂ ਆਪਣੇ ਰੁਜ਼ਗਾਰ ਨੂੰ ਬਚਾਉਣ ਵਿੱਚ ਸਫ਼ਲ ਹੋ ਸਕਾਂਗੇ।
