ਪੋਲਿੰਗ ਸਟਾਫ ਦੀਆਂ ਡਿਊਟੀਆਂ ਲਾਈਆਂ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਸਬੰਧੀ ਚੋਣ ਅਮਲੇ ਦੀ ਦੂਜੀ ਰੈਂਡੇਮਾਈਜ਼ੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਟੀ ਬੈਨਿਥ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ ਵੀ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਦੱਸਿਆ ਕਿ ਜ਼ਿਲ੍ਹੇ ਵਿੱਚ 547 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਅੱਜ ਪੋਲਿੰਗ ਸਟਾਫ਼ ਦੀ ਦੂਜੀ ਰੈਂਡੇਮਾਈਜ਼ੇਸ਼ਨ ਹੋਈ ਹੈ, ਜਿਸ ਦੌਰਾਨ ਚੋਣਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ 3756 ਪੋਲਿੰਗ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਕਰੀਬ 37 ਫ਼ੀਸਦੀ ਵਾਧੂ ਪੋਲਿੰਗ ਸਟਾਫ਼ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ 11 ਜ਼ੋਨਾਂ ਲਈ ਚੋਣਾਂ ਹੋ ਰਹੀਆਂ ਹਨ, ਜਿਸ ਲਈ ਰਿਟਰਨਿੰਗ ਅਫ਼ਸਰ ਐੱਸ ਡੀ ਐੱਮ ਮਾਨਸਾ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਸਮਿਤੀ ਮਾਨਸਾ ਦੇ 25 ਜ਼ੋਨਾਂ ਲਈ ਚੋਣਾਂ ਹੋਣੀਆਂ ਹਨ। ਇਸ ਦੇ ਰਿਟਰਨਿੰਗ ਅਫ਼ਸਰ ਐਕਸੀਅਨ ਮਾਈਨਜ਼ ਹਨ। ਪੰਚਾਇਤ ਸਮਿਤੀ ਸਰਦੂਲਗੜ੍ਹ ਦੇ 15 ਜ਼ੋਨਾਂ ਲਈ ਐੱਸ ਡੀ ਐੱਮ ਸਰਦੂਲਗੜ੍ਹ ਰਿਟਰਨਿੰਗ ਅਫ਼ਸਰ ਹਨ। ਪੰਚਾਇਤ ਸਮਿਤੀ ਬੁਢਲਾਡਾ ਦੇ 25 ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਐੱਸ ਡੀ ਐੱਮ ਬੁਢਲਾਡਾ ਹਨ। ਪੰਚਾਇਤ ਸਮਿਤੀ ਝੁਨੀਰ ਦੇ 21 ਜ਼ੋਨਾਂ ਲਈ ਚੋਣਾਂ ਹੋਣੀਆਂ ਹਨ ਜਿਸ ਦੇ ਲਈ ਮੰਡਲ ਇੰਜਨੀਅਰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਨੂੰ ਰਿਟਰਨਿੰਗ ਅਫ਼ਸਰ ਝੁਨੀਰ ਲਗਾਇਆ ਗਿਆ ਹੈ।
