ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸਾਂ ਦੇ ਡਰਾਅ ਕੱਢੇ
ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ’ਚ ਪਟਾਕੇ ਵੇਚਣ ਅਤੇ ਭੰਡਾਰ ਕਰਨ ਲਈ 24 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ ਹਨ। ਐੱਸ ਡੀ ਐੱਮ ਡਾ. ਵਰੁਣ ਕੁਮਾਰ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅੱਜ ਇਹ ਡਰਾਅ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਹੀ ਕੱਢੇ ਗਏ ਅਤੇ ਬਾਕਾਇਦਾ ਤੌਰ ’ਤੇ ਵੀਡੀਓਗ੍ਰਾਫੀ ਕੀਤੀ ਗਈ। ਐੱਸ ਡੀ ਐੱਮ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨ ਸਬ-ਡਿਵੀਜ਼ਨਾਂ ਵਿੱਚ 24 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੁੱਲ 212 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਫ਼ਰੀਦਕੋਟ ਲਈ ਪ੍ਰਾਪਤ ਕੁੱਲ 79 ਦਰਖ਼ਾਸਤਾਂ ਵਿੱਚੋਂ 15 ਆਰਜ਼ੀ ਲਾਇਸੈਂਸਾਂ ਦੇ ਡਰਾਅ ਕੱਢੇ ਗਏ।
ਸਬ-ਡਿਵੀਜ਼ਨ ਕੋਟਕਪੂਰਾ ਲਈ ਪ੍ਰਾਪਤ 127 ਦਰਖ਼ਾਸਤਾਂ ਵਿੱਚੋਂ ਪੰਜ ਅਤੇ ਸਬ-ਡਿਵੀਜ਼ਨ ਜੈਤੋ ਲਈ ਪ੍ਰਾਪਤ ਕੁੱਲ 6 ਦਰਖ਼ਾਸਤਾਂ ਵਿੱਚੋਂ ਚਾਰ ਆਰਜ਼ੀ ਲਾਇਸੈਂਸਾਂ ਦੇ ਡਰਾਅ ਕੱਢੇ ਗਏ। ਉਨ੍ਹਾਂ ਦੱਸਿਆ ਕਿ ਪਟਾਕੇ ਨਿਸ਼ਚਿਤ ਥਾਵਾਂ ’ਤੇ ਹੀ ਵੇਚੇ ਤੇ ਭੰਡਾਰ ਕੀਤੇ ਜਾ ਸਕਣਗੇ।
ਪ੍ਰਸ਼ਾਸਨ ਨੇ ਪਟਾਕਿਆਂ ਦੇ ਲਾਇਸੈਂਸ ਲਈ ਅਰਜ਼ੀਆਂ ਮੰਗੀਆਂ
ਬਠਿੰਡਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਦੀਵਾਲੀ ਅਤੇ ਗੁਰਪੁਰਬ ਮੌਕੇ ਆਤਿਸ਼ਬਾਜ਼ੀ ਤੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਸਬੰਧੀ ਦਰਖ਼ਾਸਤਾਂ 9, 10 ਅਤੇ 11 ਅਕਤੂਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਰਾਹੀਂ ਮੰਗੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲਾਇਸੈਂਸਾਂ ਦਾ ਡਰਾਅ 15 ਅਕਤੂਬਰ ਨੂੰ ਦੁਪਹਿਰ 3 ਵਜੇ ਡੀ ਸੀ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਟਾਲਾਂ ਲਈ ਜ਼ਿਲ੍ਹੇ ਦੀਆਂ ਨੌ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਟਾਲਾਂ ਉਪ-ਮੰਡਲ ਮੈਜਿਸਟ੍ਰੇਟਾਂ ਦੀ ਦੇਖ-ਰੇਖ ਹੇਠ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਟਾਲਾਂ ਦੇ ਆਲੇ ਦੁਆਲੇ ਸਫ਼ਾਈ ਰੱਖੀ ਜਾਵੇ, ਅੱਗ ਬੁਝਾਉਣ ਦੇ ਪ੍ਰਬੰਧ ਹੋਣ ਤੇ ਚੀਨੀ ਪਟਾਕਿਆਂ ਦੀ ਵਿਕਰੀ ਪੂਰੀ ਤਰ੍ਹਾਂ ਮਨਾਹੀ ਹੋਵੇਗੀ। ਐਕਸਪਲੋਜ਼ਿਵ ਐਕਟ 1884 ਦੀਆਂ ਧਾਰਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਲਾਜ਼ਮੀ ਹੋਵੇਗੀ।