ਸਤਲੁਜ ਦਰਿਆ ’ਚ ਆਏ ਹੜ੍ਹ ਦੇ ਪਾਣੀ ਕਾਰਨ ਦਰਜਨਾਂ ਪਿੰਡ ਡੁੱਬੇ
ਤਿੰਨ ਪਾਸਿਓਂ ਪਾਕਿਸਤਾਨ ਤੋਂ ਅਤੇ ਇੱਕ ਪਾਸਿਓਂ ਸਤਲੁਜ ਦਰਿਆ ਨਾਲ ਘਿਰਿਆ ਪਿੰਡ ਮੁਹਾਰ ਜਮਸ਼ੇਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਿੰਡ ਵਾਸੀ ਸੁੱਖਾ ਸਿੰਘ ਨੇ ਦੱਸਿਆ ਕਿ ਲੋਕ ਮਕਾਨਾਂ ਦੀਆਂ ਛੱਤਾਂ ’ਤੇ ਬੈਠ ਕੇ ਗੁਜ਼ਾਰਾ ਕਰ ਰਹੇ ਹਨ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਪਿੰਡ ਪਹੁੰਚ ਕੇ ਜਾਇਜ਼ਾ ਲਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਮਦਦ ਦਾ ਵਿਸ਼ਵਾਸ ਦਿਵਾਇਆ ਹੈ। ਪਿੰਡ ਤੇਜਾ ਰਹਿਲਾ ਵਾਸੀ ਬਲਵੀਰ ਸਿੰਘ ਨੇ ਦੱਸਿਆ ਕਿ ਸੈਂਕੜੇ ਏਕੜ ਫ਼ਸਲ ਤਬਾਹ ਹੋਣ ਕੰਢੇ ਹੈ। ਪਿੰਡ ਦੋਨਾਂ ਨਾਨਕਾ ਦੀ ਸੁਨੀਤਾ ਰਾਣੀ ਨੇ ਕਿਹਾ ਕਿ ਸਾਲ 2023 ਵਿੱਚ ਹੜ੍ਹਾਂ ਕਾਰਨ ਘਰ ਅਤੇ ਫ਼ਸਲ ਤਬਾਹ ਹੋ ਗਈ ਜਿਸ ਦਾ ਅਜੇ ਤਕ ਮੁਆਵਜ਼ਾ ਨਹੀਂ ਮਿਲਿਆ। ਢਾਣੀ ਸੱਦਾ ਸਿੰਘ ਦੇ ਚੰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਜਾਣ ਵਾਲੀ ਸੜਕ ਪਾਣੀ ’ਚ ਡੁੱਬਣ ਕਾਰਨ ਉਨ੍ਹਾਂ ਦਾ ਬਾਕੀ ਪਿੰਡਾਂ ਨਾਲੋਂ ਸੰਪਰਕ ਟੁੱਟ ਚੁੱਕਿਆ ਹੈ ਤੇ 100 ਏਕੜ ਫ਼ਸਲ ਤਬਾਹ ਹੋਣ ਦਾ ਖ਼ਤਰਾ ਹੈ। ਪਿੰਡ ਰੇਤੇ ਵਾਲੀ ਭੈਣੀ ਦੇ ਸੁਰਜੀਤ ਸਿੰਘ ਨੇ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਖਾਨਾ ਪੂਰਤੀ ਲਈ ਰਾਹਤ ਕੈਂਪ ਬਣਾਏ ਗਏ ਹਨ ਜਿੱਥੇ ਖਾਣ-ਪੀਣ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾਂਦਾ, ਨਾ ਹੀ ਪਸ਼ੂਆਂ ਲਈ ਚਾਰਾ ਦਿੱਤਾ ਜਾਂਦਾ ਹੈ।
ਸਰਹੱਦ ’ਤੇ ਵੱਸੇ ਪਿੰਡ ਝੰਗੜਭੈਣੀ ਦੇ ਸੀਪੀਆਈ ਦੇ ਬਲਾਕ ਸੰਮਤੀ ਮੈਂਬਰ ਕਾਮਰੇਡ ਸ਼ਬੇਗ ਝੰਗੜਭੈਣੀ ਨੇ ਕਿਹਾ ਕਿ ਹੜ੍ਹਾਂ ਦੇ ਹਾਲਾਤ ਸਰਕਾਰ ਦੀਆਂ ਨੀਤੀਆਂ ਕਾਰਨ ਪੈਦਾ ਹੋ ਰਹੇ ਹਨ। ਸਿਆਸੀ ਆਗੂ ਇਸ ਦਾ ਪੱਕਾ ਹੱਲ ਕਰਨ ਦੀ ਥਾਂ ਲੋਕਾਂ ਨੂੰ ਮੁਸੀਬਤਾਂ ’ਚ ਘਿਰਿਆ ਰਹਿਣ ਦੇਣਾ ਚਾਹੁੰਦੇ ਹਨ। ਮਦਦ ਦੇ ਨਾਂ ’ਤੇ ਦਿਖਾਵੇ ਲਈ ਫੋਟੋਆਂ ਖਿਚਵਾਉਂਦੇ ਹਨ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਲਗਾਤਾਰ ਮੀਂਹ ਪੈਣ ਕਾਰਨ ਸਤਲੁਜ ਦਰਿਆ ਵਿੱਚ ਆਇਆ ਪਾਣੀ ਖੇਤਾਂ ਵਿੱਚ ਵੜ ਗਿਆ ਹੈ। ਉਨ੍ਹਾਂ ਕਿਹਾ ਕਿ ਆਬਾਦੀ ਨੂੰ ਅਜੇ ਤੱਕ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਕਰੀਬ 12 ਘੰਟਿਆਂ ਤੋਂ ਪਾਣੀ ਦਾ ਪੱਧਰ ਵਧਿਆ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।