ਡਾਕਟਰਾਂ ਨੇ ਮਰੀਜ਼ਾਂ ਨੂੰ ਤੰਦਰੁਸਤ ਰਹਿਣ ਦੇ ਨੁਕਤੇ ਦੱਸੇ
ਟਰਾਈਡੈਂਟ ਗਰੁੱਪ ਦੇ ਮੈਡੀਕਲ ਕੈਂਪ ਦੇ ਤੀਜੇ ਪੜਾਅ ਦੇ ਦੂਜੇ ਦਿਨ ਡਾਕਟਰਾਂ ਨੇ ਮਰੀਜ਼ਾਂ ਨੂੰ ਤੰਦਰੁਸਤ ਰਹਿਣ ਦੇ ਨੁਕਤੇ ਦੱਸੇ। ਇਸ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਗਏ। ਇਸ ਕੈਂਪ ’ਚ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਮਰੀਜ਼ ਤੜਕੇ ਹੀ ਆਉਣੇ ਸ਼ੁਰੂ ਹੋ ਜਾਂਦੇ ਹਨ। ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਦਵਾਈਆਂ ਦਿੱਤੀਆਂ ਗਈਆਂ। ਕੈਂਪ ’ਚ ਪੁੱਜੀ 66 ਸਾਲਾ ਬਜ਼ੁਰਗ ਨਸੀਬ ਕੌਰ, ਖੁੱਡੀ ਖੁਰਦ ਦੇ ਬਜ਼ੁਰਗ ਨਛੱਤਰ ਸਿੰਘ, ਵਿਕਾਸ ਚੰਦਰ, ਪਿੰਡ ਚੀਮਾ ਦੇ ਬਜ਼ੁਰਗ ਨਾਹਰ ਸਿੰਘ ਤੇ ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ, ਸੀ ਐੱਸ ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ ਐਕਸ ਓ ਅਭਿਸ਼ੇਕ ਗੁਪਤਾ ਦੀ ਬਦੌਲਤ ਹੀ ਵਧੀਆ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਟਰਾਈਡੈਂਟ ਗਰੁੱਪ ਦੇ ਐਡੀਮਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਕੈਂਪ ’ਚ ਮਰੀਜ਼ ਦੀ ਸਹੂਲਤ ਲਈ ਟਰਾਈਡੈਂਟ ਦੇ ਮੁਲਾਜ਼ਮਾਂ ਦੀ ਵਿਸ਼ੇਸ਼ ਟੀਮ ਕੰਮ ਕਰ ਰਹੀ ਹੈ। ਬੱਚਿਆਂ ਦੇ ਮਾਹਰ ਡਾਕਟਰ ਜੌਰਜ ਜੋਸਫ਼ ਨੇ ਮੌਜੂਦਾ ਮੌਸਮ ਵਿੱਚ ਬੱਚਿਆਂ ਨੂੰ ਡੇਂਗੂ ਅਤੇ ਖੰਘ-ਜ਼ੁਕਾਮ ਤੋਂ ਬਚਾਉਣ ਲਈ ਮਾਪਿਆਂ ਨੂੰ ਕਈ ਜ਼ਰੂਰੀ ਸਾਵਧਾਨੀਆਂ ਦੱਸੀਆਂ। ਡਾ. ਅਠਵਾਲ ਐੱਮ ਡੀ ਮੈਡੀਸਨ ਨੇ ਕਿਹਾ ਕਿ ਜ਼ਿਆਦਾਤਰ ਮਰੀਜ਼ ਸ਼ੂਗਰ ਤੇ ਬੀ ਪੀ ਤੋਂ ਪੀੜਤ ਸਨ। ਉਨ੍ਹਾਂ ਕਿਹਾ ਕਿ ਜੇ ਸ਼ੁਰੂਆਤੀ ਸਮੇਂ ’ਚ ਕੰਟਰੋਲ ਨਾ ਕੀਤਾ ਜਾਵੇ ਤਾਂ ਮਰੀਜ਼ਾਂ ਨੂੰ ਹੋਰ ਗੰਭੀਰ ਬਿਮਾਰੀਆਂ ਵੀ ਘੇਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਦਾ ਸਮੇਂ-ਸਿਰ ਇਲਾਜ ਕਰਵਾਉਣਾ ਜ਼ਰੂਰੀ ਹੈ।
