ਡੀ ਐੱਮ ਸਕੂਲ ਦੇ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ’ਚ ਛਾਏ
ਡੀ ਐੱਮ ਸਕੂਲ ਕਰਾੜਵਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਜਿੱਤਾਂ ਦਰਜ ਕੀਤੀਆਂ ਹਨ। ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਫੁਟਬਾਲ ਦੀ ਟੀਮ ਵਿਚ ਦੀਆਂ ਖਿਡਾਰਨਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਸਥਾਨ ’ਤੇ ਰਹਿਣ ਦਾ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਚੈੱਸ ਦੀ ਖੇਡ ਵਿਚ ਸਕੂਲ ਦੀਆਂ ਖਿਡਾਰਨਾਂ ਨੇ ਵੀ ਲਗਾਤਾਰ ਹੀ ਤੀਸਰੀ ਵਾਰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਖੇਡਾਂ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ ਹੈ। ਜ਼ਿਕਰਯੋਗ ਹੈ ਕਿ ਸੰਸਥਾ ਲਗਾਤਾਰ ਗਿਆਰਾਂ ਵਾਰ ਹਾਕੀ ਦੀ ਖੇਡ ਵਿਚ ਵੀ ਜ਼ਿਲ੍ਹੇ ਦੀ ਅਗਵਾਈ ਸਟੇਟ ਪੱਧਰ ’ਤੇ ਕਰ ਚੁੱਕੀ ਹੈ। ਚੇਅਰਮੈਨ ਇੰਜੀ. ਢਿੱਲੋਂ ਨੇ ਮਾਣਮੱਤੀਆਂ ਪ੍ਰਾਪਤੀਆਂ ਤੇ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਦਾ ਸਨਮਾਨ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਜਿੱਥੇ ਖੇਡਾਂ ਵਿੱਚ ਆਧੁਨਿਕ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਉੱਥੇ ਹੀ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਆ।