ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮਾਨਸਾ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਰਾਜ ਵਿੱਚ ਲੰਬੇ ਸਮੇਂ ਤੋਂ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਪ੍ਰੈਕਟਿਸ ਕਰਕੇ ਲੋਕ ਸੇਵਾ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੰਜਾਬ ਸਰਕਾਰ ਸ਼ਾਰਟ ਟਰਮ ਕੋਰਸ ਕਰਵਾਕੇ ਮਾਨਤਾ ਦੇਵੇ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਭਾਵੇਂ ਭਾਰਤ ’ਚ ਤਜਰਬੇ ਦੇ ਆਧਾਰ ’ਤੇ 1963 ਤੋਂ ਬਾਅਦ ਮੈਡੀਕਲ ਪ੍ਰੈਕਟੀਸ਼ਨਰਜ਼ ਲਈ ਰਜਿਸਟ੍ਰੇਸ਼ਨ ਕਰਨੀ ਬੰਦ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਮਿਆਂ ਦੌਰਾਨ ਹੋਂਦ ’ਚ ਆਈਆਂ ਕਮੇਟੀਆਂ ਵੱਲੋਂ ਸਿਹਤ ਸੇਵਾਵਾਂ ਨੂੰ ਲੈ ਕੇ ਹੇਠਲੇ ਪੱਧਰ ’ਤੇ ਝੁੱਗੀਆਂ ਝੋਂਪੜੀਆਂ,ਗਰੀਬ ਬਸਤੀਆਂ ਅਤੇ ਪਿੰਡਾਂ ਵਿੱਚ ਵਸਦੇ ਗਰੀਬ ਲੋਕਾਂ ਤੱਕ ਸਰਕਾਰੀ ਸਿਹਤ ਸਹੂਲਤਾਂ ਪਹੁੰਚਾਣ ਲਈ ਹੇਠਲੇ ਪੱਧਰ ’ਤੇ ਪ੍ਰਾਇਮਰੀ ਹੈਲਥ ਵਰਕਰ ਪੈਦਾ ਕਰਨ ਲਈ ਟ੍ਰੇਨਿੰਗ ਦੇਣ ਦੇ ਪ੍ਰਸਤਾਵ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ 1983 ਦੀ ਸਿਹਤ ਨੀਤੀ ਮੁਤਾਬਿਕ ਸਵੈਇੱਛਕ ਸੰਸਥਾਵਾਂ ਅਤੇ ਉਦਮੀ ਨੌਜਵਾਨਾਂ ਨੂੰ ਟ੍ਰੇਨਿੰਗ ਦੇਕੇ ਹੇਠਲੇ ਪੱਧਰ ’ਤੇ ਸਭਨਾਂ ਨੂੰ ਸਿਹਤ ਸੇਵਾਵਾਂ ਦੇਣ ਦੀਆਂ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਸਨ,ਪ੍ਰੰਤੂ ਇਹ ਹਦਾਇਤਾਂ ਵੀ ਸਿਰਫ਼ ਕਾਗਜ਼ਾਂ ਦਾ ਸ਼ਿੰਗਾਰ ਹੀ ਬਣਕੇ ਹੀ ਰਹਿ ਗਈਆਂ ਅਤੇ ਅਮਲੀ ਰੂਪ ਧਾਰਨ ਨਹੀਂ ਕਰ ਸਕੀਆਂ। ਇਸ ਮੌਕੇ ਧੰਨਾ ਮੱਲ ਗੋਇਲ, ਸੁੰਯਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੂਲਦੂ ਸਿੰਘ, ਕ੍ਰਿਸ਼ਨ ਚੌਹਾਨ ਤੇ ਹੋਰ ਹਾਜ਼ਰ ਸਨ।