ਹੜ੍ਹ ਪੀੜਤਾਂ ਨੂੰ ਮੁਆਵਜ਼ਾ ਪੱਤਰ ਵੰਡਣੇ ਸ਼ੁਰੂ
ਸਰਕਾਰ ਦੀ ਮਿਸ਼ਨ ਪੁਨਰਵਾਸ ਯੋਜਨਾ ਤਹਿਤ ਅੱਜ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਪੜਾਅ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ 1.15 ਕਰੋੜ ਦੀ ਰਾਸ਼ੀ ਦੇ ਮਨਜ਼ੂਰੀ ਪੱਤਰਾਂ ਦੀ ਵੰਡ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਡੀਸੀ ਸਾਗਰ ਸੇਤੀਆ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਵਿਧਾਇਕ ਢੋਸ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਹੜ੍ਹ ਪੀੜਤਾਂ ਨੂੰ 11.40 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵੰਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਹਲਕੇ ਦੇ ਸੱਤ ਪਿੰਡਾਂ ਝੁੱਗੀਆਂ, ਦੌਲੇਵਾਲ, ਮੇਲਕ ਕੰਗਾਂ, ਕੰਬੋ ਕਲਾਂ, ਕੰਬੋ ਖੁਰਦ, ਬੱਗੇ, ਢੋਲੇਵਾਲਾ ਖੁਰਦ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ ਹਨ।
ਸਾਦਿਕ (ਪਰਸ਼ੋਤਮ ਕੁਮਾਰ):ਅੱਜ ਮਿਸ਼ਨ ਪੁਨਰਵਾਸ ਤਹਿਤ ਫਰੀਦਕੋਟ ਜ਼ਿਲ੍ਹੇ ਦੇ 10 ਪਿੰਡਾਂ ਦੇ 150 ਹੜ੍ਹ ਪੀੜਤ ਪਰਿਵਾਰਾਂ ਨੂੰ ਕੁੱਲ 36 ਲੱਖ 86 ਹਜ਼ਾਰ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਗਏ। ਪਿੰਡ ਸ਼ੇਰ ਸਿੰਘ ਵਾਲਾ ਵਿੱਚ ਸਮਾਗਮ ਵਿੱਚ ਮੁਆਵਜ਼ੇ ਦੇ ਮੰਨਜ਼ੂਰੀ ਪੱਤਰ ਵੰਡਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ, ਬਾਰਸ਼ ਪ੍ਰਭਾਵਿਤ ਅਤੇ ਹੋਰ ਕੁਦਰਤੀ ਕਰੋਪੀ ਤੋਂ ਪ੍ਰਭਾਵਿਤ ਲੋਕਾਂ ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆਂ ਕਿ ਅੱਜ 15 ਲੱਖ 86 ਹਜ਼ਾਰ ਰੁਪਏ ਮਕਾਨਾਂ ਦੇ ਨੁਕਸਾਨ ਲਈ ਅਤੇ 21 ਲੱਖ ਰੁਪਏ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਵਜੋਂ ਦਿੱਤੇ ਗਏ।
ਮਾਨਸਾ (ਜੋਗਿੰਦਰ ਸਿੰਘ ਮਾਨ): ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਹਲਕੇ ਦੇ ਪਿੰਡਾਂ ’ਚ ਹੜ੍ਹਾਂ ਕਾਰਨ ਹੋਈ ਫ਼ਸਲਾਂ ਦੇ ਨੁਕਸਾਨ ਸਬੰਧੀ ਮੁਆਵਜ਼ਾ ਰਾਸ਼ੀ ਵੰਡੀ ਗਈ। ਵਿਧਾਇਕ ਵੱਲੋਂ 34 ਕਿਸਾਨਾਂ ਨੂੰ 5.29 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ ਗਈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਹੋਡਲਾ, ਹੀਰੋ ਕਲਾਂ ਅਤੇ ਮੱਤੀ ਦੇ 34 ਕਿਸਾਨਾਂ ਨੂੰ 5.29 ਲੱਖ ਦੀ ਰਾਸ਼ੀ ਨਾਲ ਮਾਲੀ ਸਹਾਇਤਾ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਰਿੰਦਰ ਸੋਨੀ, ਭੁਪਿੰਦਰ ਕੁਮਾਰ ਰਿੰਕੂ, ਮੋਨੂੰ ਸਿੰਗਲਾ, ਸੁਖਦੇਵ ਸਿੰਘ ਭੀਖੀ ਵੀ ਮੌਜੂਦ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਬਾਰਸ਼ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਪਿੰਡ ਗੁਲਾਬੇਵਾਲਾ ਵਿੱਚ 42 ਲਾਭਪਾਤਰੀਆਂ ਨੂੰ ਕਰੀਬ 9 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ, ਕਾਨੂੰਨਗੋ ਸੁਖਦੇਵ ਮੁਹੰਮਦ, ਸਰਪੰਚ ਪਿੰਡ ਗੁਲਾਬੇਵਾਲਾ ਗੁਰਤੇਜ ਸਿੰਘ ਸੇਖੋਂ, ਸਰਪੰਚ ਪਿੰਡ ਮਾਂਗਟਕੇਰ ਬਾਬਾ ਸ਼ਿੰਗਾਰਾ ਸਿੰਘ ਹਾਜ਼ਰ ਸਨ।