ਸੇਲਜ਼ਮੈਨ ਦੀ ਭਰਤੀ ਦੌਰਾਨ ਵਿਵਾਦ
ਹਲਕੇ ਦੇ ਪਿੰਡ ਦੀਵਾਨਾ ਵਿੱਚ ਸਹਿਕਾਰੀ ਸਭਾ ’ਚ ਸੇਲਜ਼ਮੈਨ ਦੀ ਭਰਤੀ ਦੌਰਾਨ ਹੰਗਾਮਾ ਹੋ ਗਿਆ। ਇਸ ਦੌਰਾਨ ਇੱਕ ਉਮੀਦਵਾਰ ਨੇ ਵਿਭਾਗ ਦੇ ਅਧਿਕਾਰੀਆਂ ਉਪਰ ਘੱਟ ਮੈਰਿਟ ਵਾਲੇ ਉਮੀਦਵਾਰ ਨੂੰ ਭਰਤੀ ਕਰਨ ਦੇ ਦੋਸ਼ ਲਗਾਏ ਹਨ।
ਇਸ ਮੌਕੇ ਉਮੀਦਵਾਰ ਅਮਨਦੀਪ ਕੌਰ ਵਾਸੀ ਦੀਵਾਨਾ ਨੇ ਕਿਹਾ ਕਿ ਸੁਸਾਇਟੀ ’ਚ ਸੇਲਜ਼ਮੈਨ ਰੱਖਣ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਦੇ ਆਧਾਰ ’ਤੇ ਉਸ ਨੇ ਪੋਸਟ ਲਈ ਅਪਲਾਈ ਕੀਤਾ ਸੀ ਪਰ ਅੱਜ ਸੇਲਜ਼ਮੈਨ ਦੀ ਭਰਤੀ ਕਰਨ ਸਮੇਂ ਉਸ ਦੀ ਵਿਦਿਅਕ ਯੋਗਤਾ ਤੇ ਮੈਰਿਟ ਨੂੰ ਨਜ਼ਰਅੰਦਾਜ਼ ਕਰ ਕੇ ਘੱਟ ਮੈਰਿਟ ਵਾਲੇ ਉਮੀਦਵਾਰ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨਾਲੋਂ ਉਸ ਦੀ ਮੈਰਿਟ ਜ਼ਿਆਦਾ ਹੋਣ ਕਰ ਕੇ ਪੋਸਟ ਲਈ ਉਸ ਦਾ ਹੱਕ ਬਣਦਾ ਹੈ, ਪਰ ਘੱਟ ਮੈਰਿਟ ਵਾਲੇ ਉਮੀਦਵਾਰ ਨੂੰ ਭਰਤੀ ਕਰ ਕੇ ਉਸ ਦਾ ਹੱਕ ਮਾਰਿਆ ਗਿਆ ਹੈ। ਇਸ ਮੌਕੇ ਕਮੇਟੀ ਮੈਂਬਰ ਸੁਖਦੇਖ ਸਿੰਘ, ਆਤਮਾ ਸਿੰਘ, ਹਰਜਿੰਦਰ ਸਿੰਘ, ਨਿੰਦਰ ਕੌਰ, ਕਿਸਾਨ ਆਗੂ ਜਸਪਾਲ ਸਿੰਘ, ਸੁਰਿੰਦਰ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ, ਨਾਜਰ ਸਿੰਘ, ਨਿਰਮਲ ਸਿੰਘ ਤੇ ਜਸਵੰਤ ਸਿੰਘ ਨੇ ਵਿਭਾਗ ਤੋਂ ਸੇਲਜ਼ਮੈਨ ਦੀ ਭਰਤੀ ਵਿੱਚ ਪਾਰਦਰਸ਼ਤਾ ਲਿਆ ਕੇ ਅਮਨਦੀਪ ਕੌਰ ਨੂੰ ਭਰਤੀ ਕਰਨ ਦੀ ਮੰਗ ਕੀਤੀ।
ਇਸ ਸਬੰਧੀ ਵਿਭਾਗ ਦੇ ਏ ਆਰ ਬਰਨਾਲਾ ਗੁਰਮੁਖ ਸਿੰਘ ਨੇ ਕਿਹਾ ਕਿ ਦੀਵਾਨਾ ਸਹਿਕਾਰੀ ਸਭਾ ਵਿੱਚ ਸੇਲਜ਼ਮੈਨ ਦੀ ਭਰਤੀ ਲਈ ਇੱਕ ਧਿਰ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਇਸ ਸਾਰੀ ਪ੍ਰਕਿਰਿਆ ਸਬੰਧੀ ਇੰਸਪੈਕਟਰ ਤੋਂ ਰਿਪੋਰਟ ਮੰਗਵਾਈ ਜਾ ਰਹੀ ਹੈ। ਸੇਲਜ਼ਮੈਨ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ ਅਤੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਵੇਗੀ।
