ਸਿੱਖ ਜਥੇਬੰਦੀਆਂ ਅਤੇ ਬਾਬਾ ਵਡਭਾਗ ਸਿੰਘ ਦੀ ਗੱਦੀ ਲਾਉਣ ਵਾਲੇ ਦਰਮਿਆਨ ਵਿਵਾਦ ਸੁਲਝਿਆ
ਡੇਰਾ ਵਡਭਾਗ ਸਿੰਘ ਦੇ ਡੇਰੇ ਨਾਲ ਜੁੜੇ ਇਕ ਵਿਅਕਤੀ ਅਤੇ ਫਿਰੋਜ਼ਪੁਰ ਦੀ ਸਮੁੱਚੀਆਂ ਸਿੱਖ ਜਥੇਬੰਦੀਆਂ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇਣ ਦੇ ਮਾਮਲੇ ਤੇ ਟਕਰਾਅ ਬਣਿਆ ਹੋਇਆ ਸੀ, ਜੋ ਅੱਜ ਪੁਲੀਸ ਪ੍ਰਸ਼ਾਸਨ ਨੇ ਆਪਣੀ ਸੂਝਬੂਝ ਨਾਲ ਟਾਲ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਬੇਅੰਤ ਸਿੰਘ ਵਾਸੀ ਬਾਹਰਵਾਰ ਜ਼ੀਰਾ ਗੇਟ ਫਿਰੋਜ਼ਪੁਰ ਆਪਣੇ ਘਰ ਬਾਬਾ ਵਡਭਾਗ ਸਿੰਘ ਦੀ ਗੱਦੀ ਲਾਉਂਦਾ ਹੈ ਅਤੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਅਖੰਡ ਪਾਠ ਕਰਵਾਉਣਾ ਚਾਹੁੰਦਾ ਸੀ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉਲਟ ਸੀ।
ਇਸ ’ਤੇ ਇਤਰਾਜ਼ ਜਤਾਉਂਦਿਆਂ ਸਿੱਖ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਇੰਟਰਨੈਸ਼ਨਲ ਪੰਥਕ ਦਲ, ਏਕਨੂਰ ਖਾਲਸਾ ਫੌਜ ਨੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ ਪਰ ਉਕਤ ਵਿਅਕਤੀ ਨਾ ਮੰਨਿਆ। ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ਼ ਜਤਿੰਦਰ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਵਿਅਕਤੀ ਨੂੰ ਸਮਝਾਇਆ ਅਤੇ ਸਿੱਖ ਜਥੇਬੰਦੀਆਂ ਦੇ ਫੈਸਲੇ ਨਾਲ ਸਹਿਮਤ ਹੁੰਦਿਆਂ ਉਸ ਨੂੰ ਤਾੜਨਾ ਕੀਤੀ ਕਿ ਉਹ ਆਪਣੇ ਘਰ ਵਿੱਚ ਬਾਬਾ ਵਡਭਾਗ ਸਿੰਘ ਦੀ ਗੱਦੀ ਲਾਉਂਦਾ ਹੈ, ਜਿਸ ਕਾਰਨ ਕਿਸੇ ਵੀ ਹਾਲ ਵਿਚ ਆਪਣੇ ਘਰ ਸ੍ਰੀ ਅਖੰਡ ਪਾਠ ਨਹੀਂ ਕਰਵਾ ਸਕਦਾ। ਉਕਤ ਵਿਅਕਤੀ ਨੇ ਸਿੱਖ ਜਥੇਬੰਦੀਆਂ ਅਤੇ ਪੁਲੀਸ ਪ੍ਰਸ਼ਾਸਨ ਨਾਲ ਸਹਿਮਤ ਹੁੰਦਿਆਂ ਅਖੰਡ ਪਾਠ ਸਾਹਿਬ ਕਿਸੇ ਹੋਰ ਘਰ ਕਰਵਾ ਲਿਆ ਅਤੇ ਸਾਰਾ ਮਾਮਲਾ ਸ਼ਾਂਤ ਹੋ ਗਿਆ।