ਕਾਲਜ ਵਿੱਚ ‘ਵਿਗਿਆਨਕ ਸੋਚ ਦਾ ਮਹੱਤਵ’ ਵਿਸ਼ੇ ’ਤੇ ਚਰਚਾ
ਯੂਨੀਵਰਸਿਟੀ ਕਾਲਜ ਜੈਤੋ ਦੇ ‘ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ’ ਵੱਲੋਂ ‘ਵਿਗਿਆਨਕ ਸੋਚ ਦਾ ਮਹੱਤਵ’ ਵਿਸ਼ੇ ’ਤੇ ਪਦਮਸ੍ਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਲਾਇਬਰੇਰੀ ਵਿੱਚ ਚਰਚਾ ਕਰਵਾਈ ਗਈ। ਮੁੱਖ ਵਕਤਾ ਤਰਕਸ਼ੀਲ ਮੈਗ਼ਜ਼ੀਨ ਦੇ ਮੁੱਖ ਸੰਪਾਦਕ ਰਾਜਪਾਲ ਸਿੰਘ ਸਨ ਜਦਕਿ ਪ੍ਰਧਾਨਗੀ ਡਾ. ਪਰਮਿੰਦਰ ਸਿੰਘ ਤੱਗੜ ਨੇ ਕੀਤੀ। ਤਰਕਸ਼ੀਲ ਸੁਸਾਇਟੀ ਤੋਂ ਰਵਿੰਦਰ ਰਾਹੀ, ਮਾਸਟਰ ਭੁਪਿੰਦਰ ਪਾਲ ਸਿੰਘ ਅਤੇ ਹਰਮੇਲ ਪ੍ਰੀਤ ਉਚੇਚੇ ਤੌਰ ’ਤੇ ਸ਼ਾਮਲ ਹੋਏ। ਵਿਚਾਰ-ਚਰਚਾ ਦਾ ਸਬੱਬ ਕਾਲਜ ਦੀ ਵਿਦਿਆਰਥਣ ਗੁਰਲੀਨ ਕੌਰ ਵੱਲੋਂ ‘ਕੌਮਾਂਤਰੀ ਲੇਖ ਮੁਕਾਬਲੇ’ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਸਦਕਾ ਬਣਿਆ। ਲੇਖ ਮੁਕਾਬਲਾ ਅਦਾਰਾ ‘ਤਰਕਸ਼ੀਲ’ ਵੱਲੋਂ ਆਨ-ਲਾਈਨ ਕਰਵਾਇਆ ਗਿਆ ਸੀ ਅਤੇ ਇਸ ਵਿਚ ਹਰ ਉਮਰ ਦਾ ਵਿਅਕਤੀ ਭਾਗ ਲੈ ਸਕਦਾ ਸੀ।
ਮੁਕਾਬਲੇ ਵਿਚ ਪਹਿਲੇ ਸਥਾਨ ’ਤੇ ਇਕ ਪ੍ਰਬੁੱਧ ਅਧਿਆਪਕ ਰਿਹਾ। ਦੂਜੇ ਸਥਾਨ ’ਤੇ ਵੀ ਪ੍ਰੋੜ ਉਮਰ ਦਾ ਪ੍ਰਤੀਭਾਗੀ ਰਿਹਾ, ਜਦ ਕਿ ਤੀਜੇ ਸਥਾਨ ’ਤੇ ਯੂਨੀਵਰਸਿਟੀ ਕਾਲਜ ਦੀ ਵਿਦਿਆਰਥਣ ਗੁਰਲੀਨ ਕੌਰ ਰਹੀ। ਲੇਖ ਮੁਕਾਬਲੇ ਦਾ ਸਿਰਲੇਖ ਬਾਬਾ ਨਜ਼ਮੀ ਦੀ ਕਵਿਤਾ ਦੀ ਸਤਰ ਸੀ, ‘ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ’। ਅਦਾਰੇ ਦੀ ਸ਼ਾਨਦਾਰ ਕੋਸ਼ਿਸ਼ ਇਹ ਸੀ ਕਿ ਲੇਖ-ਮੁਕਾਬਲੇ ਦੇ ਜੇਤੂ ਨੂੰ ਨਕਦ ਇਨਾਮ ਅਤੇ ਮੈਗ਼ਜ਼ੀਨ ਉਸ ਦੇ ਕੋਲ ਜਾ ਕੇ ਪ੍ਰਦਾਨ ਕੀਤਾ ਜਾਵੇ। ਇਸ ਤਰ੍ਹਾਂ ਗੁਰਲੀਨ ਕੌਰ ਦਾ ਵਿਸ਼ੇਸ਼ ਸਨਮਾਨ ਇਸ ਵਿਚਾਰ-ਚਰਚਾ ਦਾ ਬਾਇਸ ਬਣਿਆ। ਸਮਾਗਮ ਦੇ ਪ੍ਰਬੰਧਕ ਪ੍ਰੋ. ਗੁਰਜੀਤ ਕੌਰ ਅਤੇ ਲਾਇਬਰੇਰੀਅਨ ਮੀਨਾਕਸ਼ੀ ਜੋਸ਼ੀ ਸਨ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ, ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਅਰੋੜਾ, ਪ੍ਰੋ. ਲਲਿਤ ਗਰਗ, ਪ੍ਰੋ. ਜਗਸੀਰ ਸਿੰਘ ਗਿੱਲ, ਡਾ. ਲਖਵਿੰਦਰ ਸਿੰਘ ਬਰਾੜ, ਡਾ. ਜਸਵਿੰਦਰ ਕੌਰ ਵਿੜਿੰਗ, ਪ੍ਰੋ. ਸੁਮਨ ਹਾਜ਼ਰ ਸਨ।
