ਬਠਿੰਡਾ ’ਚ ਤਰਸੇਮ ਨਰੂਲਾ ਦੀਆਂ ਸਾਹਿਤਕ ਰਚਨਾਵਾਂ ’ਤੇ ਚਰਚਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 19 ਫਰਵਰੀ
ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਪੰਜਾਬੀ ਦੇ ਉੱਘੇ ਸਾਹਿਤਕਾਰ ਪ੍ਰੋ. ਤਰਸੇਮ ਨਰੂਲਾ ਦੀਆਂ ਰਚਨਾਵਾਂ ’ਤੇ ਵਿਚਾਰ ਚਰਚਾ ਕਰਨ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜੀਤ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਜਸਪਾਲ ਜੱਸੀ ਨੇ ਪ੍ਰੋ. ਨਰੂਲਾ ਦੀ ਸਾਹਿਤ ਨੂੰ ਦੇਣ ਬਾਰੇ ਚਰਚਾ ਕੀਤੀ। ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਸ੍ਰੀ ਨਰੂਲਾ ਦੀ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵੱਡੀ ਦੇਣ ਹੈ ਅਤੇ ਉਨ੍ਹਾਂ 14 ਕਿਤਾਬਾਂ ਲਿਖੀਆਂ ਹਨ। ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਪ੍ਰੋ. ਨਰੂਲਾ ਦੇ ਪੰਜਾਬੀ ਦੇ ਅਧਿਆਪਨ ਸਮੇਂ ਦੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਨਿੱਘੇ ਸੁਭਾਅ ਬਾਰੇ ਵਿਚਾਰ ਰੱਖੇ। ਜਸਪਾਲ ਜੱਸੀ ਨੇ ਪ੍ਰੋ. ਤਰਸੇਮ ਨਰੂਲਾ ਵੱਲੋਂ ਰਚੇ ਸਾਹਿਤ ਅਤੇ ਕਾਵਿ ਸੰਗ੍ਰਹਿਾਂ ਬਾਰੇ ਪਰਚਾ ਪੜ੍ਹਿਆ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਫ਼ਿਲਾਸਫ਼ੀ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋ. ਨਰੂਲਾ ਦੇ ਸਾਹਿਤ ’ਚ ਧਾਰਮਿਕ, ਅਧਿਆਤਮਕ ਅਤੇ ਕ੍ਰਾਂਤੀਕਾਰੀ ਸੋਚ ਦਾ ਬਾਕਮਾਲ ਸੰਤੁਲਨ ਪੜ੍ਹਨ ਨੂੰ ਮਿਲਦਾ ਹੈ। ਇਕਬਾਲ ਘਾਰੂ ਅਤੇ ਮੰਚ ਸੰਚਾਲਕ ਹਰਮੇਲ ਵੱਲੋਂ ਵੀ ਪ੍ਰੋ. ਨਰੂਲਾ ਦੀਆਂ ਕਿਤਾਬਾਂ ’ਤੇ ਚਰਚਾ ਕੀਤੀ ਗਈ। ਮੇਜ਼ਬਾਨ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਪ੍ਰੋ. ਨਰੂਲਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਦੂਜੇ ਦੌਰ ਵਿਚ ਕਵੀ ਦਰਵਾਰ ਹੋਇਆ, ਜਿਸ ਵਿੱਚ ਦਿਲਜੀਤ ਬੰਗੀ, ਨੀਲਾ ਸਿੰਘ ਰਾਏ, ਅਮਨ ਦਾਤੇਵਾਸੀਆ, ਭੋਲਾ ਸਿੰਘ ਸ਼ਮੀਰੀਆ, ਕੁਲਦੀਪ ਬੰਗੀ, ਅਮਰਜੀਤ ਸਿੰਘ ਜੀਤ, ਮਨਜੀਤ ਸਿੰਘ ਜੀਤ ਆਦਿ ਨੇ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਇਸ ਮੌਕੇ ਲੇਖਿਕਾ ਰਮਨਦੀਪ ਕੌਰ ਰੰਮੀ ਦਾ ਕਾਵਿ ਸੰਗ੍ਰਹਿ ‘ਮੁਹੱਬਤਾਂ ਸਾਂਝੇ ਪੰਜਾਬ ਦੀਆਂ’ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ, ਪ੍ਰਚਾਰ ਸਕੱਤਰ ਦਿਲਜੀਤ ਬੰਗੀ, ਗੁਰਪ੍ਰੀਤ ਸਿੰਘ ਮਲੂਕਾ, ਹਰਪਾਲ ਸਿੰਘ ਖੁਰਮੀ, ਜਨਕ ਰਾਜ ਜਨਕ, ਹਰਪਾਲ ਖੁਰਮੀ, ਰਾਜਬੀਰ ਕੌਰ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।