ਅਤਰਜੀਤ ਦੇ ਕਹਾਣੀ ਸੰਗ੍ਰਹਿ ‘ਸਬੂਤੇ ਕਦਮ’ ’ਤੇ ਗੋਸ਼ਟੀ
ਜਸਪਾਲ ਮਾਨਖੇੜਾ ਨੇ ਮਹਿਮਾਨ ਵਿਦਵਾਨਾਂ, ਆਲੋਚਕਾਂ, ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ‘ਜੀ ਆਇਆ’ ਕਿਹਾ। ਸਮੀਖਿਆਕਾਰ ਡਾ. ਬਲਰਾਜ ਸਿੰਘ ਡੱਬਵਾਲੀ ਹੁਰਾਂ ਅਤੇ ਡਾ. ਪਰਮਜੀਤ ਸਿੰਘ ਪਟਿਆਲਾ ਨੇ ‘ਸਬੂਤੇ ਕਦਮ’ ਪੁਸਤਕ ’ਤੇ ਖੋਜ ਪੱਤਰ ਪੜ੍ਹੇ। ਪਰਚਿਆਂ ਉੱਪਰ ਬਹਿਸ ਦਾ ਆਰੰਭ ਡਾ. ਅਰਵਿੰਦਰ ਕੌਰ ਕਾਕੜਾ ਨੇ ਕੀਤਾ। ਡਾ. ਸੁਰਜੀਤ ਬਰਾੜ ਘੋਲੀਆ ਅਤੇ ਪ੍ਰੋ. ਮਨਜੀਤ ਸਿੰਘ ਢਿੱਲਵਾਂ ਨੇ ਬਹਿਸ ਨੂੰ ਅੱਗੇ ਤੋਰਿਆ। ਮੁੱਖ ਮਹਿਮਾਨ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਅਤੇ ਪੇਸ਼ਕਾਰੀ ਪੱਖੋਂ ਕਹਾਣੀਆਂ ਨੂੰ ਉੱਤਮ ਦਰਜੇ ਦੀ ਰਚਨਾ ਕਿਹਾ। ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਜਸਵਿੰਦਰ ਕੌਰ ਬਿੰਦਰਾ ਨੇ ‘ਸਬੂਤੇ ਕਦਮ’ ਦੀਆਂ ਕਹਾਣੀਆਂ ਦੇ ਪਾਤਰਾਂ ਬਾਰੇ ਕਿਹਾ ਕਿ ‘ਅਦਨੇ ਹੋਣ ਦੀ ਬਜਾਏ ਉਹ ਨਾਇਕ ਬਣ ਕੇ ਉੱਭਰਦੇ ਹਨ’।
ਸਮਾਗਮ ਦੇ ਅੰਤਲੇ ਪੜਾਅ ’ਤੇ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਉੱਥੋਂ ਦੇ ਕੁਦਰਤ ਪ੍ਰੇਮੀ ਅੰਦੋਲਨਕਾਰੀ ਸੋਨਮ ਵਾਂਗਚੁਕ ਨੂੰ ਤੁਰੰਤ ਰਿਹਾਅ ਕਰਨ ਦੇ ਦੋਵੇਂ ਹੱਥ ਖੜ੍ਹੇ ਕਰ ਕੇ ਮਤੇ ਪਾਸ ਕੀਤੇ ਗਏ। ‘ਪਰਵਾਜ਼’ ਮੈਗਜ਼ੀਨ ਅੰਕ-30 ਅਤੇ ਕਾਵਿ ਪੁਸਤਕ ‘ਮੈਂ ਗਾਜ਼ਾ ਕਹਿੰਦਾ ਹਾਂ’ ਰਿਲੀਜ਼ ਕੀਤੇ ਗਏ। ਮੰਚ ਸੰਚਾਲਨ ਦਾ ਕਾਰਜ ਸਾਹਿਤ ਸੱਭਿਆਚਾਰ ਮੰਚ ਦੇ ਜਨਰਲ ਸਕੱਤਰ ਸੁਖਵਿੰਦਰ ਜੀਦਾ ਨੇ ਨਿਭਾਇਆ।